ਚਲੋ ਕੁਝ ਦੇਰ ਲਈ ਹੀ ਸਹੀ

ਇੰਜ ਲੱਗਿਆ ਜਿਵੇਂ ਸਾਡੇ ਸਰ ਕੋਈ ਛੱਤ ਹੈ,

ਕੋਈ ਆਪਣਾ ਹੈ ਕੋਈ ਮੇਹਰ ਵਾਲਾ ਹੱਥ ਹੈ,


ਕੋਈ ਜਿਸ ਨਾਲ ਦਿਲ ਦੀ ਗੱਲ ਕਰ ਸਕਦੇ ਹਾਂ,

ਕੋਈ ਜਿਸਨੂੰ ਬੇਖੌਫ ਸਭ ਸੱਚ ਵੀ ਦੱਸ ਸਕਦੇ ਹਾਂ,


ਕੋਈ ਰਹਿਬਰ ਜੋ ਰਸਤਾ ਦਿਖਾਂਦਾ ਰਹੇਗਾ,

ਕੋਈ ਮਲਾਹ ਜੋ ਤੂਫ਼ਾਨਾਂ ਪਾਰ ਲਾਂਦਾ ਰਹੇਗਾ,


ਕੋਈ ਜੋ ਡਗਮਗਨ ਯਾ ਡੋਲਣ ਨਹੀਂ ਦੇਏਗਾ,

ਕੋਈ ਜੋ ਭੁੱਲ ਕੇ ਵੀ ਗ਼ਲਤ ਰਾਹ ਟੋਲਣ ਨਹੀਂ ਦੇਏਗਾ,


ਪਰ ਉਹ ਆਪ ਆਪਣੇ ਹਾਲਾਤਾਂ ਤੋਂ ਮਜਬੂਰ,

ਚੱਲੇ ਮਖਦੂਮ ਸਾਨੂੰ ਛੱਡ ਕੇ ਹੁਣ ਦੂਰ,


ਪਰ ਚਲੋ ਕੁਝ ਦੇਰ ਲਈ ਹੀ ਸਹੀ,

ਜਿੰਨੀ ਵੀ ਰਹੀ, ਖੂਬ ਰਹੀ ਅੱਛੀ ਰਹੀ!

ਪੁਨੇ ਵਾਲਾ ਮੁੰਡਾ ਬਚ ਜਾਵੇਗਾ

 ਪੁਨੇ ਵਾਲਾ ਮੁੰਡਾ ਬਚ ਜਾਵੇਗਾ,

ਓਹ ਦੋ ਚਾਰ ਨੂੰ ਭਲਾਂ ਹੋਰ ਮਿੱਧ ਆਵੇ,

ਫਿਰ ਵੀ ਕੋਈ ਓਹਨੂੰ ਹੱਥ ਨਹੀਂ ਲਾਵੇਗਾ,


ਪੈਸੇ ਤੇ ਉਹਦੇ ਵਾਲੇ ਲੋਕ ਜੋ ਚਾਹੇ ਕਰਨ,

ਜਿਸ ਦਾ ਵੀ ਜੀ ਚਾਹੇ ਖੂਨ ਪੀਣ,

ਜਿਸ ਦਾ ਵੀ ਜੀ ਚਾਹੇ ਚੀਰ ਹਰਨ ਕਰਨ,

ਪ੍ਰਜਵਲ ਰੇਵਨਾ ਵਾਂਗੂੰ ਰਾਤੋਂ ਰਾਤ

ਇਹ ਵੀ ਦੂਰ ਕੀਤੇ ਨਿੱਕਲ ਜਾਵੇਗਾ,


ਦਮਾਂ ਦਾ ਹਰ ਕੋਈ ਏਥੇ ਗ਼ੁਲਾਮ ਹੈ,

ਬੱਸ ਕਿਤਾਬਾਂ ਵਿੱਚ ਹੀ ਵੱਡੀ ਹਰਾਮ ਹੈ,

ਕੁੱਝ ਦਿਨ ਚੱਲੇਗੀ ਸਿਆਸਤ,

ਕੁੱਝ ਦਿਨ ਚੱਲੇਗੀ ਖਬਰਾਂ ਗੱਲ ਬਾਤ,

ਤੱਦ ਤੱਕ ਜੇਬਾਂ ਗਰਮ ਹੋ ਜਾਣਗੀਆਂ,

ਫਿਰ ਮਾਰੇ ਗਇਆਂ ਦੀ ਚਿਤਾ ਦੀ ਰਾਖ ਵਾਂਗੂ,

ਮਾਮਲਾ ਇੱਕ ਦੰਮ ਠੰਡਾ ਪੈ ਜਾਵੇਗਾ,


ਨਾ ਜਾਵੇ ਕੋਈ ਕੀਤੇ ਇਨਸਾਫ਼ ਦੀ ਆਸ ਵਿੱਚ,

ਫਰਕ ਜਮੀਨ ਆਸਮਾਨ ਦਾ ਆਮ ਤੇ ਖਾਸ ਵਿੱਚ,

ਸੀਤਾ ਉਸੇ ਦੀ ਹੀ ਬਚੇਗੀ ਇਸ ਕਾਲ ਵੀ,

ਰਾਮ ਜਿਹੜਾ ਆਪ ਰਾਵਣ ਦਾ ਸਿਰ ਲਾਵੇਗਾ!