ਬੁਝਾਰਤਾਂ

 1.

ਪਾਣੀ ਵਿੱਚ ਪੈ ਜਾਵਾਂ

ਤਾਂ ਅੱਗ ਮੈਂ ਲਾ ਦੇਵਾਂ,

ਘੱਟ ਜਾਵਾਂ ਜ਼ਿਸਮ 'ਚ

ਕਮਜ਼ੋਰੀ ਲੱਗਣ ਲਾ ਦੇਵਾਂ।


2.

ਪੈ ਗਿਆ ਕਲੇਸ਼

ਲੜ ਪਏ ਸਭ ਦੇਸ਼,

ਜਾਨ 'ਤੇ ਬਣਿਆ ਖ਼ਤਰਾ

ਛੱਡ ਤੁਰ ਗਿਆ ਜਰਮਨੀ,

ਭੌਤਿਕੀ ਦਾ ਦਰਵੇਸ਼।


3.

ਇਕੋ ਹੀ ਦਿਮਾਗ 'ਚ

ਜਿਵੇਂ ਸਭ ਕੁਝ ਸੀ,

ਕਾਇਨਾਤ ਨੇ ਖ਼ਾਸ

ਓਹਨੂੰ ਬਣਾ ਕੇ ਭੇਜਿਆ ਸੀ,

ਜਾ ਯਾਰ ਤੂੰ ਦੱਸ ਕੇ ਆ

ਕੰਮ ਬੰਦਿਆਂ ਦੇ

ਲੱਗਦਾ ਵੱਸ ਦਾ ਨੀ।


4.

ਮੋਢੇ ਉੱਤੇ ਬਾਜ਼ ਹੈ

ਸਮਝਿਓਂ ਨਾ ਚਿੜੀ ਹੈ,

ਸਾਰਾ ਪਰਿਵਾਰ ਸ਼ਹੀਦ ਹੋਇਆ

ਜੰਗ ਐਸੀ ਛਿੜੀ ਹੈ।


5.

ਸੂਰ ਦਾ ਪੁੱਤ

ਬੜਾ ਕਾਇਰ ਸੀ,

ਨਿਹੱਥੇ ਲੋਕਾਂ ਉੱਤੇ

ਵਿਸਾਖੀ ਵਾਲੇ ਦਿਨ

ਕਰਵਾਇਆ ਫਾਇਰ ਸੀ।


6.

ਬੁੱਝ ਲਏ ਜੇ ਬੁਝਾਰਤ ਕੋਈ

ਤਾਂ ਸਿਆਪਾ ਪੈ ਜਾਵੇ,

ਹਰ ਇੱਕ ਬੈਂਕ 'ਚ ਦਿਨੇ ਹੀ

ਡਾਕਾ ਪੈ ਜਾਵੇ।


7.

ਪਹਿਲੀ ਵਾਰੀ ਖਾਓ

ਸਵਾਦ ਬੜਾ ਆਉਂਦਾ,

ਦੂਜੀ ਵਾਰੀ ਖਾਓ

ਥੋੜ੍ਹਾ ਮਜ਼ਾ ਘੱਟ ਆਉਂਦਾ,

ਦਸਵੀਂ ਵਾਰੀ ਤੱਕ ਤੇ

ਦਿਲ ਅੱਕਿਆ ਵਾ ਹੋਂਦਾ!


8.

ਜਿੰਨ ਵਿੱਚ ਕਬੂਤਰ ਟਕਰਾਉਂਦਾ ਹੈ

ਘਰ ਘਰ ਬਿਜਲੀ ਪਹੁੰਚਾਉਂਦਾ ਹੈ

ਦੋ ਨਿੱਕੇ ਨਿੱਕੇ ਜਿੰਨ ਹੋਰ ਬਣਾਉਂਦਾ ਹੈ।


9.

ਨਿੱਕੇ ਨਿੱਕੇ ਜੀਵਾਂ ਦੀ ਖੇਡ ਹੈ

ਬੰਦੇ ਦੇ ਅੰਦਰੋਂ

ਪਾਉਂਦੇ ਇਹ ਤ੍ਰੇੜ ਹੈ

ਓ ਮਾਈ ਕੋਈ ਸ਼ੈਤਾਨ

ਨਹੀਂ ਦੁਨੀਆ 'ਤੇ

ਨਾ ਕੋਈ ਭੂਤ ਪ੍ਰੇਤ ਹੈ!


10.

ਸੱਤ ਵਰੇ ਪੂਰੇ ਰਿਹਾ ਦੂਰ

ਕਿੱਥੇ ਚੱਲਿਆ ਕਿਉਂ ਚੱਲਿਆ

ਕਿਸੇ ਨੂੰ ਦੱਸਿਆ ਨਾ,

ਮੁੜਿਆ ਤੇ ਨਾਲ ਲੈ ਕੇ ਆਇਆ

ਹੱਲ ਸਾਢੇ ਤਿੰਨ ਸੌ ਸਾਲ ਪੁਰਾਣੀ

ਸਮੱਸਿਆ ਦਾ!


11.

ਰੌਲਾ ਨਹੀਂ ਪਾਉਣਾ ਹੈ,

ਅਮਰੀਕਾ ਤੋਂ ਲੁਕਾਉਣਾ ਹੈ,

ਰਹਿਣਾ ਜ਼ਰਾ ਬਚ ਕੇ,

ਧਮਾਕਾ ਬੜਾ ਹੋਣਾ ਹੈ।


12.

ਗੁੱਡੀ ਚੜ੍ਹੀ ਨਹੀਂ,

ਪਾਰ ਕਰ ਗਈ ਆਸਮਾਨ ਏ,

ਕਿਸੇ ਕਿਸੇ ਨੂੰ ਨਸੀਬ

ਹੁੰਦਾ ਦੇਖਣਾ ਧਰਤੀ ਤੋਂ

ਪਾਰ ਦਾ ਜਹਾਨ ਏ।


13.

ਦੇਓ ਟਾਟਾ ਜੀ ਪੂੰਜੀ,

ਕੰਮ ਅੱਗੇ ਵਧਾਉਣਾ ਹੈ,

ਦੇਸ਼ ਪੈਰਾਂ ’ਤੇ ਹੋ ਸਕੇ,

ਖੋਜ ਕੇਂਦਰ ਬਣਾਉਣਾ ਹੈ।


14.

ਟਰੱਕ ਨਹੀਂ ਤਾਂ

ਚਲੋ ਸਾਈਕਲ ’ਤੇ ਹੀ

ਰਾਕੇਟ ਲੈ ਚੱਲੀਏ,

ਆ ਰਹੇ ਹਾਂ ਅਸੀਂ,

ਸੁਨੇਹਾ ਆਸਮਾਨ ਨੂੰ ਘੱਲੀਏ।


15.

ਆਹ ਲੈ, ਸਿੱਟ ਦੇ ਬੀਜ,

ਖੇਤਾਂ ’ਚ ਕੰਮ ਹੋ ਜੂ,

ਹੁਣ ਨੀ ਕੋਈ ਭੁੱਖਾ ਰਹਿੰਦਾ,

ਵਚਨ ਸਾਡਾ ਏ, ਤਥਾਸਤੁ।


16.

ਦੇਣਾ ਹੈ ਜ਼ਹਿਰ ਤਾਂ ਦੇ ਦਿਓ,

ਮੈਂ ਕੀਤੇ ਲੁੱਕ ਕੇ ਨਹੀਂ ਜੀਵਾਂਗਾ,

ਅਸੂਲਾਂ ਦੀ ਗੱਲ ਕੀਤੀ ਸਾਰੀ ਜ਼ਿੰਦਗੀ,

ਅਸੂਲਾਂ ਖ਼ਾਤਰ ਇਹ ਵੀ ਪੀਵਾਂਗਾ।


17.

ਬਹੁਤਾ ਐਵੇਂ ਕਿਸੇ ਨਾਲ

ਵਾਹ ਨਹੀਂ ਰੱਖੀਦਾ,

ਨਾ ਕੋਈ ਛੇੜੇ ਤਾਂ

ਆਪੇ ਆਪੇ ’ਚ ਹੀ ਵੱਸੀਦਾ,

ਚੁੱਪ-ਚੁੱਪ ਰਹੀਦਾ,

ਨਾ ਐਵੇਂ ਰੋਈ ਦਾ,

ਨਾ ਐਵੇਂ ਹੱਸੀ ਦਾ।


18.

ਗੋਲੀ ਨਾਲ ਬੰਦੇ ਨੇ

ਬੰਦੇ ਬਹੁਤ ਮਾਰੇ ਨੇ,

ਪਰ ਇੱਕ ਗੋਲੀ ਤੂੰ 

ਤਿਆਰ ਕੀਤੀ,

ਮੁਲਕਾਂ ਦੇ ਮੁਲਕ

ਓਸ ਗੋਲੀ ਨੇ ਤਾਰੇ ਨੇ।


19.

ਹੱਡ-ਪੈਰ ਖੜ੍ਹ ਜਾਂਦੇ,

ਬੱਚੇ ਬਹੁਤ ਰੋਂਦੇ ਸੀ,

ਬੜਾ ਔਖਾ ਸੀ ਜੀਣਾ,

ਸੁਫ਼ਨੇ ਡਰਾਉਣੇ ਆਉਂਦੇ ਸੀ,

ਮਿਹਰਬਾਨੀ ਤੇਰੀ, ਹੁਣ

ਸਾਰੇ ਸੁਖੀ ਜੀਉਂਦੇ ਜੀ!


20.

ਅੰਗ ਪੈਰ ਚੱਲਣੋਂ ਹਟ ਗਏ,

ਸੂਰਤ ਤਾਰਿਆਂ ਨੂੰ ਚੜ੍ਹ ਗਈ,

ਐਸੇ ਕਈ ਕਮਰੇ ਕਾਇਨਾਤ ’ਚ,

ਨਿਕਲ ਨਹੀਂ ਸਕਦੀ ਰੌਸ਼ਨੀ ਵੀ,

ਜੇ ਓਥੇ ਗਲਤੀ ਨਾਲ ਵੜ ਗਈ।


21.

ਬੁੱਝ-ਬੁੱਝ ਜਰਮਨਾਂ ਦੇ ਟਿਕਾਣੇ ਉਹ ਦੱਸਦਾ ਸੀ,

ਸਾਹਬ ਖੁਸ਼ ਹੋ ਹੋ ਜੱਫੀਆਂ ਵਿੱਚ ਕੱਸਦਾ ਸੀ,

ਮੁੜ ਕੇ ਪੈ ਗਿਆ ਉਸੇ ਉੱਤੇ ਹੀ ਮੁਕੱਦਮਾ,

ਖਾ ਲਈ ਜ਼ਹਿਰ ਓਹਨੇ, ਝੱਲ ਨਾ ਸਕਿਆ ਸਦਮਾ।


22.

ਛਾਪ ਦੇਵਾਂਗੇ ਪਰਚਾ,

ਪਰ ਪਹਿਲਾਂ ਦੇਣਾ ਪੈਣਾ ਪਰਮਾਣ ਹੈ,

ਹਾਰਡੀ ਰੋਜ਼ ਏਹੀ ਆਖੇ,

ਭਗਤ ਨਾਮਗਿਰੀ ਦਾ ਪਰੇਸ਼ਾਨ ਹੈ।


23.

ਵਾਲ ਤੋਂ ਵੀ ਪਤਲੀ ਤਾਰ,

ਰੋਸ਼ਨੀ ਨੱਚਦੀ ਜਾਂਦੀ ਆ,

ਭਾਅਜੀ ਕਰਤੀ ਏ ਖੋਜ,

ਗੱਲ ਦੁਨੀਆ ਦੇ ਇੱਕ ਕੋਨੇ

ਤੋਂ ਦੂਜੇ ਕੋਨੇ, ਪਲਕ

ਝਪਕਦੇ ਪੁਹਚਾਂਦੀ ਆ!


24.

ਮੁਹੱਬਤ ਦਾ ਦੁਨੀਆ ’ਤੇ

ਸਭ ਤੋਂ ਉੱਚਾ ਮਿਆਰ ਹੈ,

ਜਮਨਾ ਦੇ ਪਾਰ ਬਣਵਿਆ,

ਮੁਗਲ ਸਰਕਾਰ ਹੈ!


25.

ਉੱਚੇ ਉੱਚੇ ਜ਼ਮੀਨ ’ਤੇ

ਖੜ੍ਹੇ ਤਿਕੋਣ ਨੇ,

ਅੰਦਰ ਉਹਦੇ ਸੌਂਦਾ

ਖੁਫੂ ਫ਼ਰਾਊਨ ਏ।


26.

ਦੋ ਅਣੂਆਂ ਦੇ ਸਹਿਯੋਗ ਮੈਨੂੰ ਘੜਿਆ,

ਬਿਨਾਂ ਪੌੜੀ ਦੇ ਅਸਮਾਨ ’ਤੇ ਹਾਂ ਚੜ੍ਹਿਆ,

ਜੇਬ ਵਿੱਚ ਮੈਂ ਪਾਇਆ ਨਾ ਜਾ ਸਕਦਾ,

ਹੱਥ ਵਿੱਚ ਜਾ ਸਕਦਾ ਨਾ ਮੈਂ ਫੜਿਆ।


27.

ਬੜੇ ਔਖੇ ਔਖੇ ਸਵਾਲ,

ਹੱਲ ਕਰ ਦਿੰਦੀ ਸੀ ਮੂੰਹ-ਜ਼ਬਾਨੀ,

ਪਰ ਉਮਰ ਲਿਖਾ ਕੇ ਲਿਆਈ ਸੀ ਥੋੜ੍ਹੀ,

ਉੱਚਾ ਨਾਮ ਕਰ ਗਈ ਮਿਰਜ਼ਾਖਾਨੀ!


28.

ਪੜ੍ਹਿਆ ਸੀ ਛੋਟੇ ਹੁੰਦੇ ਸੰਸਕ੍ਰਿਤ 

ਦਾ ਵਿਦਵਾਨ, ਅੱਜ ਕੰਮ ਕਰ ਗਿਆ,

ਖੇਡਦਿਆਂ ਬੱਚਿਆਂ ਦੇ ਖਿਡੌਣੇ ਨਾਲ,

ਗਾਊਸ ਦੀ ਗੁੰਝਲ ਦੇ ਵਲ ਕੱਢ ਗਿਆ।


29.

ਨਿੱਕਾ ਬੱਚਾ ਬੋਲਦਾ 

ਸਭ ਤੋਂ ਪਹਿਲਾਂ ਮਾਂ,

ਉਹ ਬੋਲਿਆ ਦਸ 

ਗੁਣਾ ਪੰਜ ਹੁੰਦੇ ਪੰਜਾਹ,

ਬਾਰ੍ਹਵੇਂ ਸਾਲ ਜਿੱਤ ਸਵਰਨ, 

ਇਤਿਹਾਸ ’ਚ ਲਿਖਤਾ ਨਾਂ,

ਗਾਊਸ, ਫਰਮੈਟ, ਹਿਲਬਰਟ 

ਦੇ ਬਰਾਬਰ ਉਹਦੀ ਥਾਂ।


30.

ਇੱਕ ਤੂੰ ਤੇ ਦੂਜਾ ਨਿਊਟਨ, 

ਦੋਵੇਂ ਸ਼ਦਾਈ ਸੀ,

ਖੋਜ ਤੋਂ ਸਿਵਾ ਕੋਈ ਹੋਰ ਚੀਜ਼

ਪਸੰਦ ਹੀ ਨਾ ਆਈ ਸੀ,

ਉਹਨੂੰ ਸ਼ੌਂਕ ਸੀ ਚੀਜ਼ਾਂ

ਹਿਲਦੀਆਂ-ਜੁਲਦੀਆਂ ਕਿਉਂ ਨੇ,

ਤੇਰੀ ਬਿਜਲੀ, ਮੋਟਰਾਂ, ਬਿਨਾਂ ਤਾਰ

ਦੇ ਸੰਦਾਂ ਨਾਲ ਆਸ਼ਨਾਈ ਸੀ।


31.

ਚੋਰੀਆਂ ਚਕਾਰੀਆਂ ਦੇ 

ਮੁਕੱਦਮਿਆਂ ਤੋਂ ਅੱਕ ਜਾਈਦਾ,

ਧਿਆਨ ਕਚਹਿਰੀਆਂ ਤੋਂ 

ਡੂੰਘੇ ਕੰਮ ਵੱਲ ਲਾਈਦਾ,

ਸੋਚੀ ਦਾ ਵੀ ਇਹ ਗਿਣਤੀ 

ਕਿਵੇਂ ਬਣੀ ਤੇ ਕਿਵੇਂ ਹੈ ਚੱਲਦੀ,

ਪੜ੍ਹੀਦੀ ਕਿਤਾਬ ਤੇ ਨਾਲੇ 

ਨਵਾਂ ਫਾਰਮੂਲਾ ਬਣਾਈਦਾ।


32.

ਆਇਆ ਐਂ ਤੇ ਸਾਰੇ 

ਹਿਸਾਬ ’ਤੇ ਕਾਂਟਾ ਮਾਰ ਦਿੱਤਾ,

ਜਿੰਨਾ ਕੰਮ ਹੋਇਆ, 

ਸਭ ਗ਼ਲਤ ਹੈ ਸਿੱਧ ਕਰ ਦਿੱਤਾ,

ਸਿਆਣੇ ਤੁਰੇ ਸੀ 

ਜਿਹੜੇ ਰਾਹ ਸੱਚ ਦਾ ਪਤਾ ਕਰਨ,

ਕਰਕੇ ਬੰਦ ਫਾਟਕ, 

ਮੁੜਨ ’ਤੇ ਮਜਬੂਰ ਕਰ ਦਿੱਤਾ।