ਕਰੀਏ ਜੋ ਦਿਲ ਦੇ ਹੋਵੇ ਕਰੀਬ

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ,

ਇੱਕੋ ਇੱਕ ਬੱਸ ਹੈ ਇਹ ਤਮੰਨਾ,

ਕਰੀਏ ਜੋ ਦਿਲ ਦੇ ਹੋਵੇ ਕਰੀਬ,

ਜਦੋਂ ਆਈ ਕਿਸੇ ਰੋਕ ਨੀ ਪਾਉਣਾ,

ਬੈਠੇ ਰਹਿ ਜਾਣਗੇ ਹਬੀਬ ਤਬੀਬ,


ਕੀ ਲੈਣਾ ਐਵੇਂ ਪਰਾਏ ਸੁਫਨਿਆਂ 

ਲਈ ਜਿਸਮ ਨੂੰ ਖੋਰ ਖੋਰ ਕੇ,

ਕੀ ਕਮਾਉਣਾ ਹੋਇਆ ਇਹ

ਰੂਹ ਆਪਣੀ ਨੂੰ ਤੋੜ ਤੋੜ ਕੇ,

ਜੇ ਇਹ ਕਾਮਯਾਬੀ ਹੈ, ਤਾਂ 

ਫਿਰ ਕਿ ਹੁੰਦੇ ਨੇ ਬਦ ਨਸੀਬ?

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..


ਥੋੜਾ ਥੋੜਾ ਵਕ਼ਤ ਆਪਣੇ ਆਪ 

ਤੋਂ ਹੀ ਡਰ ਡਰ ਕੇ ਚੁਰਾਉਣਾ,

ਹਾਏ ਛੁੱਪ ਛੁੱਪ ਕੇ ਚੌਹਣਾ,

ਹਾਏ ਲੁਕ ਲੁਕ ਕੇ ਗਾਉਣਾ,

ਸਿੱਕੇ ਅਸੀਂ ਕਰਦੇ ਫਿਰਦੇ ਇੱਕਠੇ

ਵਕਤੋਂ ਅਸੀਂ ਹੁੰਦੇ ਜਾਂਦੇ ਗਰੀਬ,

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..

 

ਕੋਈ ਨਾ ਪੁੱਛੇ ਨਾ ਕੋਈ ਬੁੱਜੇ,

ਨਾ ਸੁਣੇ ਕਿਸੇ ਦੇ ਦਿਲ ਦੀ,

ਸਾਡੇ ਸ਼ਹਿਰ ਚ ਤਾਂ ਸਬ ਤੋਂ 

ਉੱਚੀ ਆਵਾਜ਼ ਹੈ ਮਿੱਲ ਦੀ, 

ਇਹ ਸ਼ੋਰ ਕਈ ਵਾਰੀ ਲੱਗਦਾ ਹੈ,

ਖ਼ਾਬਾਂ ਦੇ ਕਤਲ ਲਈ ਸਲੀਬ

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..  


ਜਿਸ ਤੇ ਖਿੜਣ ਫੁੱਲ ਉਮੀਦ ਦੇ,

ਸਾਨੂੰ ਐਸੀ ਪਨੀਰੀ ਚਾਹੀਦੀ,

ਲਿਬਾਸ ਮੈਲਾ ਰੂਹ ਨੂੰ ਹੋਵੇ ਸਕੂਨ, 

ਸਾਨੂੰ ਐਸੀ ਅਮੀਰੀ ਚਾਹੀਦੀ,

ਨਹੀਂ ਚਾਹੀਦੇ ਸਾਨੂੰ ਇਹ ਔਹਦੇ

ਨਹੀਂ ਹੁੰਦੀ ਸਾਥੋਂ ਵੇਚ ਖਰੀਦ,

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..

ਕਦੇ ਤਾਂ ਵਗੇਗੀ ਹਵਾ ਆਪਣੇ ਵੀ ਔਰ ਦੀ

ਇੱਕ ਪੱਤਾ ਆਪਣੇ ਹੱਥ ਦਾ ਕਮਜ਼ੋਰ ਸੀ,

ਇੱਕ ਪੱਤਾ ਮੈਦਾਨ ਚ ਚਾਹੀਦਾ ਹੋਰ ਸੀ,

ਸ਼ਾਇਦ ਜ਼ਿੰਦਗੀ ਮਿਲ ਜਾਂਦੀ ਮਤਲਬ ਦੀ

ਲਾਉਣਾ ਚਾਹੀਦਾ ਜਵਾਨੀ ਚ ਹੋਰ ਜ਼ੋਰ ਸੀ,


ਦਿਲ ਨੇ ਤਾਂ ਰਾਹਵਾਂ ਦੱਸ ਦਿੱਤੀਆਂ ਸੀ,

ਅੰਦਰ ਪੜ੍ਹ ਕੇ ਹੀ ਸਲਾਹਵਾਂ ਕੀਤੀਆਂ ਸੀ,

ਮੈਂ ਹੀ ਇਹਦੀ ਵੇਲੇ ਸਰ ਗੱਲ ਸੁਣੀ ਨਾ,

ਜਿੱਧਰ ਮੁੜੇ ਸਭ ਲੈ ਲਿਆ ਓਹੀਓ ਮੋੜ ਸੀ,


ਤੇ ਹੁਣ ਤਦਬੀਰਾਂ ਭਾਵੇਂ ਲੱਖ ਕਰਦੇ ਆਂ,

ਤਕਦੀਰ ਦੇ ਹੱਥੋਂ ਹਰ ਵਾਰੀ ਹਰ ਦੇ ਆਂ,

ਦੋ ਤੰਬੂੰ ਉਮੀਦ ਦੇ ਜਦ ਕਦੀਂ ਗੱਡਦੇ ਆਂ,

ਝੱਖੜ ਕੋਈ ਜਾਂਦਾ ਦੋਨੋ ਦੇ ਦੋਨੋ ਤੋੜ ਨੀ,


ਚੱਲ ਕੋਈ ਨਾ ਅੱਧੀ ਜ਼ਿੰਦ ਹਲੇ ਵੀ ਪਈ ਹੈ,

ਕਿਸੇ ਫਿਲਮ ਦਾ ਦੂਜਾ ਹਿੱਸਾ ਹੁੰਦਾ ਸਹੀ ਹੈ,

ਚੱਲ ਉਡਾਈ ਜਾਈਏ ਪੂਰੇ ਜ਼ੋਰ ਨਾਲ ਗੁੱਡੀ,

ਕਦੇ ਤਾਂ ਵਗੇਗੀ ਹਵਾ ਆਪਣੇ ਵੀ ਔਰ ਦੀ!

ਔਖੇ ਸੌਖੇ ਨਿਭਾਈ ਜਾਣੇ ਆਂ

ਤੇਰੀ ਹਾਂ ਚ ਹਾਂ ਮਿਲਾਈ ਜਾਣੇ ਆਂ,

ਪਤਾ ਦੋਨਾਂ ਨੂੰ ਨੀ ਕਿੱਧਰ ਨੂੰ ਜਾਈ ਜਾਣੇ ਆਂ,


ਰੋਜ ਕਹਿਣੇ ਖ਼ਾਨਾ-ਏ-ਖਰਾਬ ਛੱਡ ਦੇਣਾ ਆ,

ਖੌਰੇ ਕਿਹੜੀ ਉਮੀਦ ਤੇ ਆਈ ਜਾਣੇ ਜਾਈ ਜਾਣੇ ਆਂ,


ਤੇਰੀ ਆਪਣੀ ਕੋਈ ਹੋਣੀ ਆ ਮਜਬੂਰੀ,

ਅਸੀਂ ਆਪਣੀ ਗਲਤੀ ਤੇ ਪਛਤਾਈ ਜਾਣੇ ਆਂ,


ਜੀ ਤੇਰਾ ਵੀ ਨੀ ਲਗਦਾ ਦਿਲ ਮੇਰਾ ਵੀ ਨੀ ਕਰਦਾ,

ਆਪਸ ਚ ਸੁਖ ਦੁੱਖ ਕਰਕੇ ਦਿਨ ਨੰਗਾਈ ਜਾਣੇ ਆਂ,


ਉੱਠਦੇ ਸਾਰ ਜਾਨ ਨੂੰ ਸਿਆਪਾ ਜਾ ਲਗਦਾ ਏ,

ਸੌਣ ਵੇਲੇ ਤੱਕ ਹੰਜੂ ਵਹਾਈ ਜਾਨੇ ਵਹਾਈ ਜਾਨੇ ਆਂ,


ਚਲ ਛੱਡ ਕੀ ਲੈਣਾ ਹੋਰ ਇਹੋ ਗੱਲ੍ਹਾਂ ਕਰਕੇ,

ਜਿੰਨੀ ਚਿੱਕਰ ਨਿਭਦੀ ਔਖੇ ਸੌਖੇ ਨਿਭਾਈ ਜਾਣੇ ਆਂ!

ਲੈ ਚੱਲ ਵਨਵਾਸੀਆਂ ਵੇ ਮੈਨੂੰ ਨਾਲ ਵੇ

ਲੈ ਚੱਲ ਵਨਵਾਸੀਆਂ ਵੇ ਮੈਨੂੰ ਨਾਲ ਵੇ,

ਤੇਰੇ ਬਿਨਾ ਕੀਹਣੇ ਪੁੱਛਣਾ ਮਹਿਲਾਂ ਚ ਹਾਲ ਵੇ,


ਤੂੰ ਸਾਨੂੰ ਚੰਗਾ ਲੱਗੇਂ, ਤੇਰੇ ਕਰਕੇ ਮਾਪੇ ਛੱਡੇ,

ਚੱਤੋ ਪਹਿਰ ਰਹਿਣਾ ਸਾਨੂੰ ਤੇਰਾ ਹੀ ਖਿਆਲ ਵੇ,

ਲੈ ਚੱਲ ਵਨਵਾਸੀਆਂ ਵੇ ਮੈਨੂੰ ਨਾਲ ਵੇ....


ਕੰਨਾਂ ਚੋਂ ਮੈਂ ਲਾਏ ਕੋਕੇ, ਪੈਰਾਂ ਚੋਂ ਲਾਏ ਬਿਛੂਐ,

ਗੇਰੂਏ ਮੈਂ ਪਾ ਲਏ ਤੇ ਰੱਖੇ ਲਾ ਕੇ ਲਾਲ ਵੇ,

ਲੈ ਚੱਲ ਵਨਵਾਸੀਆਂ ਵੇ ਮੈਨੂੰ ਨਾਲ ਵੇ....  


ਤਪ ਤੇਰਾ ਜਿਹੜਾ ਹੋਊ, ਜੱਪ ਤੇਰਾ ਜਿਹੜਾ ਹੋਊ,

ਨਹੀਓਂ ਪਾਉਂਦੀ ਵਿਘਨ ਕੋਈ ਰਖੂੰ ਮਨ ਸੰਭਾਲ ਕੇ,

ਲੈ ਚੱਲ ਵਨਵਾਸੀਆਂ ਵੇ ਮੈਨੂੰ ਨਾਲ ਵੇ....


ਜੰਗਲਾਂ ਦੀ ਕਾਹਦੀ ਪਰਵਾਹ, ਡੰਗਾਂ ਦੀ ਕਾਹਦੀ ਪਰਵਾਹ,

ਸਾਨੂੰ ਤਾਂ ਬਸ ਓਹਨੂੰ ਬੁਹਤ ਜਿੰਨੀ ਤੇਰੇ ਨਾਲ ਵੇ,

ਲੈ ਚੱਲ ਵਨਵਾਸੀਆਂ ਵੇ ਮੈਨੂੰ ਨਾਲ ਵੇ....

ਏ ਮੇਰੀ ਸਰਜ਼ਮੀਨ ਤੇਰਾ ਇਹ ਹਾਲ ਕੀ ਹੋਇਆ

ਏ ਮੇਰੀ ਸਰਜ਼ਮੀਨ ਤੇਰਾ ਇਹ ਹਾਲ ਕੀ ਹੋਇਆ,

ਕਿੰਨੇ ਵਰੇ ਬੀਤੇ ਨੇ ਕਿਓਂ ਕੋਈ ਕਮਾਲ ਨੀ ਹੋਇਆ?


ਲੰਘ ਗਏ ਤੇਰੇ ਤੋਂ ਅੱਗੇ ਨੇ ਹੁਣ ਹੋਰ ਸਭ ਸੂਬੇ,

ਓ ਠਕਰਾਨੀਏ ਦੱਸ ਤੇਰਾ ਕਿੱਥੇ ਜਮਾਲ ਹੈ ਖੋਇਆ?


ਤੇਰਾ ਖੇਤਾਂ ਨੇ ਲਹਿਰਾ ਲਿਆ ਦੇ ਦਿੱਤਾ ਨਾਂ ਤੈਨੂੰ,

ਪਰ ਕਿਉਂ ਅੱਗੇ ਕੋਈ ਦੀਵਾ ਬਾਲ ਨੀ ਹੋਇਆ?


ਕਿਓਂ ਬੀਤੇ ਵਕਤ ਵੱਲ ਹੀ ਹਮੇਸ਼ਾ ਵੇਖੀ ਜਾਣੇ ਆ?

ਕਿਓਂ ਕੋਈ ਸੁਪਨਾ ਨਵਾਂ ਤੈਥੋਂ ਪਾਲ ਨੀ ਹੋਇਆ?


ਤੇਰੇ ਆਪਣੇ ਤੈਥੋਂ ਦੂਰ ਜਾ ਕੇ ਨਾਮ ਬਣਾ ਰਹੇ ਨੇ,

ਕਿਓਂ ਆਪਣੇ ਧੀਆਂ ਪੁੱਤਰਾਂ ਨੂੰ ਸੰਭਾਲ ਨੀ ਹੋਇਆ?


ਇਹ ਧਰਤੀ ਹਰਗੋਬਿੰਦ, ਕਲਪਨਾ, ਕਪਾਨੀ ਦੀ ਹੈ,

ਨਵੇਂ ਯੁੱਗ ਵਿੱਚ ਕਿਓਂ ਨਵਾਂ ਐਲਾਨ ਨੀ ਹੋਇਆ?


ਓ ਪੁੱਤਰੋ ਮੇਰਿਓ ਆਪਣੇ ਘਰ ਦੀ ਨੁਹਾਰ ਬਦਲੋ ਵੇ,

ਕਿਓਂ ਤੇਰੇ ਕੋਲੋਂ ਕਦੇ ਇਹ ਸਵਾਲ ਨੀ ਹੋਇਆ?


ਕਰਜ਼ੇ ਹੇਠ ਹੈਂ ਹਰ ਮਕਾਨ, ਦੁਕਾਨ ਤੇ ਜ਼ਮੀਨ,

ਕਿਓਂ ਤੈਨੂੰ ਕਦੇ ਕਮਾਈ ਦਾ ਖਿਆਲ ਨੀ ਹੋਇਆ,


ਮਾਯੂਸ ਹੋ ਰਹੀਆਂ, ਉਮੀਦ ਖੋ ਰਹੀਆਂ ਜਵਾਨੀਆਂ,

ਕਿਓਂ ਤੇਰੇ ਕੋਲੋਂ ਇਹ ਮੌਸਮ ਟਾਲ ਨੀ ਹੋਇਆ?


ਚਲ ਉੱਠ ਹੁਣ ਤਾਂ ਓਹ ਜੰਮਣ ਵਾਲੀਏ ਮੇਰੀਏ ਮਾਏ,

ਦੇਖ ਰੋ ਰੋ ਕੇ ਤੇਰਾ ਇੱਕ ਪੁੱਤਰ ਲਾਲ ਹੈ ਹੋਇਆ!

ਕੀ ਦੱਸਾਂ ਮੈਂ ਕਿਸ ਤਰਾਂ ਮਾਂ ਪਾਲ ਦੀ ਬੱਚੇ

ਕੀ ਦੱਸਾਂ ਮੈਂ ਕਿਸ ਤਰਾਂ ਮਾਂ ਪਾਲ ਦੀ ਬੱਚੇ,

ਆਪਣਾ ਆਪ ਗਾਲ ਕੇ ਮਾਂ ਪਾਲ ਦੀ ਬੱਚੇ,


ਆਪ ਭਾਵੇਂ ਹੋ ਜਾਂਦੀ ਏ ਹਾਲ-ਓ-ਬੇਹਾਲ,

ਫਿਰ ਵੀ ਰਾਤਾਂ ਨੂੰ ਉੱਠ ਕੇ ਸੰਭਾਲ ਦੀ ਬੱਚੇ,


ਨੇ ਬੜੇ ਘਰ ਦੇ ਕੰਮ ਤੇ ਨਾਲੇ ਰੁਜ਼ਗਾਰ ਵੀ,

ਵਕਤ ਹਰ ਵਕਤ ਹੈ ਪਰ ਖਿਆਲ ਦੀ ਬੱਚੇ,


ਝਿੜਕਦੀ ਹੈ ਨਾਦਾਨੀ ਤੇ ਨਾਲੇ ਆਪ ਰੋਂਦੀ ਹੈ,

ਜਿਹੜੇ ਇਹ ਤਰਾਸ਼ਦੀ ਹੋ ਜਾਂਦੇ ਮਿਸਾਲ ਨੇ ਬੱਚੇ,


ਭਾਵੇਂ ਕੋਈ ਕੁੱਝ ਵੀ ਆਖੇ ਤੇ ਕੁੱਝ ਵੀ ਸੋਚੇ,

ਹਮੇਸ਼ਾ ਦੇਂਦੀ ਹੌਂਸਲੇ, ਬੜੇ ਕਮਾਲ ਨੇ ਬੱਚੇ,


ਕਈ ਵਾਰੀ ਰਹਿ ਜਾਂਦੀਆਂ ਇੱਕਲਿਆਂ ਨੇ,

ਫਿਰ ਵੀ ਰੱਖਦੀ ਆਪਣੇ ਨਾਲ ਨਾਲ ਹੀ ਬੱਚੇ!

ਚੰਗੇ ਲੱਗਣ ਪਏ ਰੁਝੇਵੇਂ

ਚੰਗੇ ਲੱਗਣ ਪਏ ਰੁਝੇਵੇਂ,

ਤੇਰਾ ਚੇਤਾ ਨਹੀਂ ਆਉਂਦਾ,

ਬੀਤਿਆ ਵਕਤ ਤੂਫ਼ਾਨ

ਖਿਆਲਾਂ ਚ ਨਹੀ ਉਠਾਉਂਦਾ,


ਉਲਝਣਾਂ  ਹੀ ਉਲਝਣਾਂ,

ਪਰੇਸ਼ਨਿਆਂ ਹੀ ਪਰਸ਼ੇਨਿਆਂ,

ਨਾ ਲੱਜਤ ਕੋਈ ਦਿਨ ਵਿੱਚ,

ਨਾ ਸ਼ੋਖ਼ੀ ਕੋਈ ਰਾਤ ਵਿੱਚ,

ਚਲ ਸ਼ਾਮਾਂ ਦੇ ਇੱਕਰਾਰ ਤੇ

ਚਿੱਤ ਹੋਲਾ ਨਹੀਂ ਹੁੰਦਾ,

ਚੰਗੇ ਲੱਗਣ ਪਏ ਰੁਝੇਵੇਂ...


ਪਤਾ ਹੀ ਨਹੀਂ ਮੌਸਮ 

ਕਿਹੜੇ  ਚੱਲੀ ਜਾਂਦੇ ਬਾਹਰ,

ਕਦੋਂ ਆਈ ਪਤਝੜ

ਤੇ ਕਦੋਂ ਗਈ ਬਹਾਰ,

ਬੱਸ ਸੌਣ ਦੀ ਰੁੱਤੇ

ਸੁਫ਼ਨਾ ਕੋਈ ਨਹੀਂ ਆਉਂਦਾ,

ਚੰਗੇ ਲੱਗਣ ਪਏ ਰੁਝੇਵੇਂ...


ਨਹੀਂ ਚੰਗੇ ਲੰਘਦੇ ਤਿਉਹਾਰ,

ਨਹੀਂ ਆਰਾਮ ਕੋਈ ਐਤਵਾਰ,

ਨਹੀਂ ਚੰਗੀ ਬੁਨਿਆਦ,

ਕੀ ਪਤਾ ਕਿੰਨੀ ਕੂ ਮੁਨਿਆਦ,

ਚਲ ਭੂਚਾਲ ਤਾਂ ਨਹੀਂ ਆਉਂਦਾ,

ਚੰਗੇ ਲੱਗਣ ਪਏ ਰੁਝੇਵੇਂ...