ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ

ਇੱਕ ਤਰਫ ਹੈ ਬਦ ਦੂਜੀ ਤਰਫ ਹੈ ਬਦਤਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ,

ਹਰ ਪਾਰਟੀ ਵਾਲਾ ਆਪਣੀ ਕੁਰਸੀ ਬਾਰੇ ਸੋਚਦਾ,
ਦੇਸ਼ ਦੀ ਮੰਝੀ ਜਿੰਨੀ ਹੋ ਸਕੇ ਰੱਜ ਕੇ ਹੈ ਠੋਕਦਾ,
ਕਿੱਥੇ ਹੈ ਕਿਸੇ ਨੂੰ ਕੋਈ ਵਤਨ ਦੀ ਫਿਕਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ,

ਕੋਈ ਰਾਖਾ ਨਹੀਂ, ਕੋਈ ਪਹਿਰੇਹਦਾਰ ਨਹੀਂ ਹੈ,
ਸਭ ਚੋਰਾਂ ਨੇ ਸਫੇਦਪੋਸ਼ ਕਮੀਜ਼ ਪਾਈ ਹੋਈ ਹੈ,
ਦੇਖਣ ਨੂੰ ਹੁਣ ਕੀ ਰਹਿ ਗਿਆ ਕਿਸੇ ਦਾ ਚਲਿੱਤਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ,

ਹੱਥ ਆਪਣੇ ਆਉਂਦਾ ਹਰ ਵਾਰ ਪਛਤਾਵਾ ਹੀ,
ਹੰਜੂ, ਹੋਕੇ, ਦਰਦ, ਦੁੱਖ ਤੇ ਹਾਵਾਂ ਹੀ,
ਮੋਢੀ ਕੌਣ ਹੈ ਦੇਸ਼ ਦਾ ਕਿਓਂ ਕਰੀਏ ਫਿਰ ਫਿਕਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ!

ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ

ਕਾਵਾਂ ਵੇ ਕਾਵਾਂ ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ,
ਸਾਡਾ ਐਥੇ ਬਚਿਆਂ ਹੁਣ ਹੱਕ ਕੋਈ ਨਾ,
ਉਹ ਨਿੱਤ ਕਰਦੇ ਆ ਜ਼ੁਲਮ ਸਾਡੀ ਬਸ ਹੋਈ ਪਈ ਆ,
ਹੁਣ ਡਰੇ ਪਿਆ, ਦਿਨ ਰਾਤ ਮੇਰਾ ਪ੍ਰਛਾਂਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ,
ਰੁੱਖ ਲਾਇਆ ਸੀ ਇੱਕ ਸੱਧਰਾਂ ਮੋਹੱਬਤਾਂ ਨਾਲ,
ਕਲ ਮਿਲਿਆ ਪਇਆ ਚੀਰਿਆ, ਬੁਰਾ ਓਹਦਾ ਹਾਲ,
ਵੇ ਹੁਣ ਜਿੱਥੋਂ ਕਿੱਥੋਂ ਲੱਭਾਂ, ਮੈਂ ਸਿਖਰ ਦੁਪਹਿਰੇ ਛਾਂਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ,
ਮੇਰੇ ਹਾਣ ਦੇ ਤੁਰ ਗਏ ਸਾਰੇ ਕਈ ਮੁੱਦਤਾਂ ਤੋਂ ਐਥੋਂ,
ਸੁੰਨੀਆਂ ਪਈਆਂ ਗਲੀਆਂ ਵੇ ਜਿਹੜੇ ਪਾਸੇ ਵੀ ਵੇਖੋ,
ਵੇ ਕੀਹਨੂੰ ਕਹਾਂ ਆਪਣਾ, ਕੀਹਨੂੰ ਹਾਲ ਆਪਣਾ ਜਾ ਸੁਣਾਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ!

ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਾ ਆ

ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਾ ਆ,
ਸੋਚ, ਵਿਚਾਰ, ਸਮਝ ਤੇ ਦਿਮਾਗ ਚਲਾ,
ਨਹੀਂ ਤਾਂ ਤੈਨੂੰ ਵੇਚ ਜਾਉ ਕੋਈ,
ਮਿੱਟੀ ਵੀ ਸੋਨੇ ਦੇ ਭਾਅ!

ਟੀਵੀ ਦੇ ਆਉਂਦੇ ਜਿਹੜੇ ਐਕਟਰ ਕ੍ਰਿਕਟਰ,
ਇਹ ਕਿਸੇ ਦੇ ਨਹੀਂ ਯਾਰ ਮਿੱਤਰ,
ਐਵੇਂ ਐਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ,
ਵਿਸਕੀ ਤੇ ਸੋਡੇ ਤੇ ਗਲਾਸ ਨਾ ਚੜਾ,
ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਾ ਆ....

ਤੇ ਐਵੇਂ ਕਿਸੇ ਦੀ ਗੱਲ ਸੁਣਕੇ ਡਰ ਵੀ ਨਾ,
ਇਹ ਦੂਜਾ ਮੰਤਰ ਹੈ ਵੇਚਣ ਵਾਲਿਆਂ ਦਾ,
ਆਪੇ ਕਰ ਪੜਤਾਲ ਕੀ ਸੱਚ ਹੈ ਕੀ ਝੂਠ,
ਤੇ ਤੇਰੇ ਮਸਲੇ ਦਾ ਕਿ ਹੈ ਉਪਾਅ,

ਤੀਜੀ ਤੇ ਇੱਕ ਆਖ਼ਿਰੀ ਗੱਲ,
ਮਨ ਆਪਣੇ ਨੂੰ ਸਿੱਖ ਰੱਖਣਾ ਵਿੱਚ ਟਕਾ,
ਇਹ ਮਨ ਦੀ ਭਟਕਣ ਕਰੋਂਦੀ ਪੁੱਠੇ ਕੰਮ,
ਇਧਰ ਜਾ ਓਧਰ ਜਾ, ਇਹ ਖਾ, ਉਹ ਲਿਆ,
ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਾ ਆ...

ਸਾਡਾ ਫੋਨ ਨੰਬਰ ਲਈ ਫਿਰਦੇ ਨੇ ਕਈ

ਸਾਡਾ ਫੋਨ ਨੰਬਰ ਲਈ ਫਿਰਦੇ ਨੇ ਕਈ,
ਓਹਨਾ ਨੂੰ ਚੰਗੇ ਲੱਗਦੇ ਇਸ ਲਈ ਨਹੀਂ,
ਯਾ ਓਹਨਾ ਨਾਲ ਕੋਈ ਯਾਰੀ ਇਸ ਲਈ,
ਬਸ ਐਵੇਂ ਆਪਣਾ ਸੌਦਾ ਪੱਤਾ ਵੇਚਣ ਲਈ,

ਨਿੱਤ ਕਿਸੇ ਨਾ ਕਿਸੇ ਬੈਂਕ ਦੀ ਕਾਲ ਆ ਜਾਂਦੀ,
ਸਾਡੇ ਬੈਂਕ ਦਾ ਕਰੈਡਿਟ ਕਾਰਡ ਵੀ ਲਓ ਜੀ,
ਨਾ ਨਾ ਕਰਦਿਆਂ ਵੀ ਕੱਠੇ ਹੋ ਗਏ ਨੇ ਛੇ ਸੱਤ,
ਸਾਰਿਆਂ ਦੀ ਮੰਨ ਲੈਂਦੇ ਤਾਂ ਹੋ ਜਾਣੇ ਸੀ ਬਾਈ ਤੇਈ,

ਇਹ ਜਾਣ ਛੱਡਦੇ ਨੇ ਤਾਂ ਲੋਨ ਦੀ ਕਾਲ ਆ ਜਾਂਦੀ,
ਕਾਰ ਲੋਨ, ਛੁੱਟੀ ਲੋਨ, ਹੋਮ ਲੋਨ ਸਾਰੇ ਉਹ ਗਿਣਾਂਦੀ,
ਲੱਖ ਸਮਝਾਵੋ ਓਹਨਾ ਨੂੰ ਸਾਨੂੰ ਹਾਲੇ ਨਹੀਂ ਚਾਹੀਦਾ, 
ਪਰ ਜਿੰਨੀ ਚਿਰ ਫੋਨ ਰੱਖੀਏ ਨਾ ਖੜਾ ਛੱਡਦੇ ਨਹੀਂ,

ਤੇ ਏ-ਕਮਰਸ ਵਾਲੀ ਵੈਬਸਾਈਟਾਂ ਦੇ ਨੋਟੀਫਿਕੇਸ਼ਨ ਸਮਸ,
ਓਹਨਾ ਨੇ ਵੀ ਕਰਾਈ ਪਈ ਏ ਸਾਡੀ ਬਸ,
ਫਿੱਟਨੈੱਸ, ਫ਼ੂਡ, ਫੈਸ਼ਨ ਵਾਲੇ ਸਾਰਿਆਂ ਦੇ ਮਿਲਾਕੇ,
ਘੰਟੇ ਦੇ ਹੋ ਹੀ ਜਾਂਦੇ ਨੇ ਘੱਟੋਂ ਘੱਟ ਅੱਠ ਦੱਸ,

ਗੁਜਰਾਤ ਤੋਂ ਵੀ ਹੁਣ ਕੋਈ ਫੋਨ ਹੈ ਕਰਦਾ, ਇਹ ਸ਼ੇਯਰ
ਚ ਫਾਇਦਾ ਹੋਊ, ਬੜੇ ਰੌਬ ਦੇ ਦਾਅਵੇ ਨਾਲ ਦੱਸਦਾ,
ਜੀ ਤਾਂ ਕਰਦਾ ਹੁੰਦਾ ਓਹਨੇ ਕਹੀਏ, ਜਾ ਫਿਰ ਤੂੰ ਲਾ ਦੇ, 
ਇਸ ਤੇ ਸਾਰਾ ਪੈਸਾ ਆਪਣੇ ਪਿਓ ਤੇ ਸੱਸ ਦਾ,

ਪਰ ਸ਼ੁਕਰ ਹੈ ਰੱਬ ਦਾ, ਬੰਦੇ ਇਹਨੇ ਘਰ ਨੀ ਆਂਦੇ,
ਨਹੀਂ ਤਾਂ ਅਸੀਂ ਬੂਹਾ ਖੋਲਦੇ ਭੇੜਦੇ ਹੀ ਮਰ ਜਾਂਦੇ,
ਤੇ ਇਹਨੇ ਚੱਕਰਾਂ ਦੇ ਵਿੱਚ ਪੈ ਕੇ, ਕੰਗਾਲ ਜਾ ਪਾਗਲ,
ਦੋਹਾਂ ਚੋਂ  ਹੁਣ ਤੱਕ ਇੱਕ ਤਾਂ ਜਰੂਰ ਹੋ ਜਾਂਦੇ!         

ਦੀਨ ਵੀ ਗਿਆ, ਗਿਆ ਈਮਾਨ ਵੀ

ਦੀਨ ਵੀ ਗਿਆ,
ਗਿਆ ਈਮਾਨ ਵੀ,
ਪੱਲੇ ਬਚੀ ਹੈ,
ਬਾਕੀ ਇੱਕ ਜਾਣ ਹੀ,

ਬੰਦਗੀ ਵੀ ਗਈ,
ਗਿਆ ਧਿਆਨ ਵੀ,
ਰਹਿ ਗਿਆ ਹੈ ਕੋਲ
ਬਸ ਹੁਣ ਸਾਮਾਨ ਹੀ,

ਅੱਖੀਓਂ ਸੁਫ਼ਨੇ ਟੁੱਟੇ,
ਦਿਲੋਂ ਚਾਅ ਮੁੱਕੇ,
ਰਹਿ ਗਿਆ ਹੈ,
ਹੁਣ ਆਣ ਜਾਣ ਹੀ,

ਕੀ ਪੁੱਛਦੇ ਹੋ,
ਸਭ ਕੁਛ ਹੈ ਕੋਲ,
ਫਿਰ ਵੀ ਕਿਉਂ ਹੋ,
ਉੱਖੜੇ ਉੱਖੜੇ ਪਰੇਸ਼ਾਨ ਜੀ!   

ਐਡਾ ਦਿਲਾ ਕਹਿਰ ਨਾ ਕਮਾ



ਐਡਾ ਦਿਲਾ ਕਹਿਰ ਨਾ ਕਮਾ,
ਸੁੱਚੇ ਇਸ਼ਕਾਂ , ਨਫੇਆਂ
ਦੇ ਜਹਿਰ ਨਾ ਮਿਲਾ,

ਬੰਦਗੀ ਖੁਦਾ ਦੀ ਨੇਮਤ ਹੈ,
ਰੂਹ ਦੇ ਸੁਕੂਨ ਵਾਸਤੇ,
ਪਿਆਰੇ ਦੀ ਯਾਦ ਤੋਂ ਸਿਵਾ
ਹੋਰ ਕੁਛ ਵੀ ਨਾ ਚਾਹ,

ਜਜ਼ਬਾਤ ਬਣੇ ਨੇ, ਬੰਦੇ ਨੂੰ
ਬੰਦੇ ਨਾਲ ਜੋੜਣ ਵਾਸਤੇ,
ਜਜ਼ਬਾਤਾਂ ਨਾਲ ਖੇਲ ਕੇ
ਕਾਰੋਬਾਰ ਨਾ ਚਲਾ,

ਜਿਹੜੇ ਗੰਦਲੇ ਹੋ ਜਾਂਦੇ
ਨੇ ਇੱਕ ਵਾਰ ਪਾਣੀ,
ਓਹਨਾ ਨਹੀਂ ਫੇਰ ਕਦੇ
ਝਾਕਦਾ ਚੰਨ ਰਾਤ ਦਾ,
ਤਾਰਿਆਂ ਦੀ ਮਹਿਫ਼ਿਲ ,
ਆਪਣੇ ਆਪ ਨੂੰ,
ਗੁਨਹੇਗਾਰ ਹੋਣ ਤੋਂ ਬਚਾ,

ਕਬਰ ਜੀਂਦੀ ਹੈ ਫ਼ਕੀਰਾਂ ਦੀ
ਸਦੀਆਂ ਸਦੀਆਂ ਤਾਂਈਂ,
ਮਹਿਲ ਬਾਦਸ਼ਾਹਾਂ ਦੇ,
ਨਿੱਤ ਹੁੰਦੇ ਨੇ ਸਵਾਹ,

ਐਡਾ ਦਿਲਾ ਕਹਿਰ ਨਾ ਕਮਾ,
ਸੁੱਚੇ ਇਸ਼ਕਾਂ , ਨਫੇਆਂ
ਦੇ ਜਹਿਰ ਨਾ ਮਿਲਾ!