ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ

ਇੱਕ ਤਰਫ ਹੈ ਬਦ ਦੂਜੀ ਤਰਫ ਹੈ ਬਦਤਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ,

ਹਰ ਪਾਰਟੀ ਵਾਲਾ ਆਪਣੀ ਕੁਰਸੀ ਬਾਰੇ ਸੋਚਦਾ,
ਦੇਸ਼ ਦੀ ਮੰਝੀ ਜਿੰਨੀ ਹੋ ਸਕੇ ਰੱਜ ਕੇ ਹੈ ਠੋਕਦਾ,
ਕਿੱਥੇ ਹੈ ਕਿਸੇ ਨੂੰ ਕੋਈ ਵਤਨ ਦੀ ਫਿਕਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ,

ਕੋਈ ਰਾਖਾ ਨਹੀਂ, ਕੋਈ ਪਹਿਰੇਹਦਾਰ ਨਹੀਂ ਹੈ,
ਸਭ ਚੋਰਾਂ ਨੇ ਸਫੇਦਪੋਸ਼ ਕਮੀਜ਼ ਪਾਈ ਹੋਈ ਹੈ,
ਦੇਖਣ ਨੂੰ ਹੁਣ ਕੀ ਰਹਿ ਗਿਆ ਕਿਸੇ ਦਾ ਚਲਿੱਤਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ,

ਹੱਥ ਆਪਣੇ ਆਉਂਦਾ ਹਰ ਵਾਰ ਪਛਤਾਵਾ ਹੀ,
ਹੰਜੂ, ਹੋਕੇ, ਦਰਦ, ਦੁੱਖ ਤੇ ਹਾਵਾਂ ਹੀ,
ਮੋਢੀ ਕੌਣ ਹੈ ਦੇਸ਼ ਦਾ ਕਿਓਂ ਕਰੀਏ ਫਿਰ ਫਿਕਰ,
ਪੁੱਛਦਾ ਹੈਂ ਕੀ ਉੱਨੀ ਚ ਵੋਟ ਪਾਣੀ ਹੈ ਕਿੱਧਰ!

ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ

ਕਾਵਾਂ ਵੇ ਕਾਵਾਂ ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ,
ਸਾਡਾ ਐਥੇ ਬਚਿਆਂ ਹੁਣ ਹੱਕ ਕੋਈ ਨਾ,
ਉਹ ਨਿੱਤ ਕਰਦੇ ਆ ਜ਼ੁਲਮ ਸਾਡੀ ਬਸ ਹੋਈ ਪਈ ਆ,
ਹੁਣ ਡਰੇ ਪਿਆ, ਦਿਨ ਰਾਤ ਮੇਰਾ ਪ੍ਰਛਾਂਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ,
ਰੁੱਖ ਲਾਇਆ ਸੀ ਇੱਕ ਸੱਧਰਾਂ ਮੋਹੱਬਤਾਂ ਨਾਲ,
ਕਲ ਮਿਲਿਆ ਪਇਆ ਚੀਰਿਆ, ਬੁਰਾ ਓਹਦਾ ਹਾਲ,
ਵੇ ਹੁਣ ਜਿੱਥੋਂ ਕਿੱਥੋਂ ਲੱਭਾਂ, ਮੈਂ ਸਿਖਰ ਦੁਪਹਿਰੇ ਛਾਂਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ,
ਮੇਰੇ ਹਾਣ ਦੇ ਤੁਰ ਗਏ ਸਾਰੇ ਕਈ ਮੁੱਦਤਾਂ ਤੋਂ ਐਥੋਂ,
ਸੁੰਨੀਆਂ ਪਈਆਂ ਗਲੀਆਂ ਵੇ ਜਿਹੜੇ ਪਾਸੇ ਵੀ ਵੇਖੋ,
ਵੇ ਕੀਹਨੂੰ ਕਹਾਂ ਆਪਣਾ, ਕੀਹਨੂੰ ਹਾਲ ਆਪਣਾ ਜਾ ਸੁਣਾਵਾਂ,
ਕਾਵਾਂ ਵੇ ਕਾਵਾਂ ਮੈਨੂੰ ਦੱਸ ਕਿਹੜੇ ਦੇਸ ਮੈਂ ਜਾਵਾਂ!