ਕਿੱਸਾ ਬਹਾਰ ਤੇ ਅਣਜਾਣ

                (1)
ਕਿੱਸੇ ਪੜ ਪੜ ਸੁਖ਼ਨ ਦੇ ਫਨਕਾਰਾਂ ਦੇ,
ਖਿਆਲ ਕਹਿੰਦੇ ਨੇ ਮੈਨੂੰ ਹੁਲਾਰਾ ਦੇ ਦੇ,
ਕੋਈ ਬਾਤ ਆਪਾਂ ਵੀ ਜੱਗ ਨੂੰ ਸੁਣਾਈਏ ਜੀ,
ਕਿੱਸਾ ਵਾਂਙ ਪੁਰਖਾਂ ਦੇ ਕੋਈ ਬਣਾਈਏ ਜੀ,

ਮਤੇ ਦਿਲ ਪਰ ਪਿਆ ਘੜੀ ਮੁੜੀ ਘਬਰਾਉਂਦਾ ਏ,
ਐਡੇ ਕੰਮ ਵਾਸਤੇ ਹੁਨਰ ਨਜ਼ਰ ਨਾ ਆਉਂਦਾ ਏ,
ਪਰ ਆਵਾਜ਼ ਇੱਕ ਅੰਦਰੋਂ ਪਈ ਆਖਦੀ ਤੁਰਿਆ,
ਮਾਲਕ ਆਪਾ ਕਰੇਗਾ ਸੁਖਾਲੇ ਹਰ ਪੈਰ ਤੇਰੇ ਰਾਹ,

ਸੋਇਯੋ ਮਨ ਕੇ ਕਹਿਣਾ ਉਸਦਾ ਠਿੱਲ ਪਏ ਹਾਂ,
ਮਾਣ ਰੱਖੀਂ ਰੱਬਾ ਕੱਚੇ ਅਸੀਂ ਸੁਖ਼ਨ ਇਲਮ ਦੇ ਹਾਂ,
ਪੂਰ ਹੋਣਾ ਏ ਕੰਮ ਨਾਲ ਤੇਰੀ ਨਜ਼ਰ ਮਿਹਰ ਦੇ,
ਹੱਥ ਰਹਿਮਤ ਦਾ ਕੰਡ ਮੁਰੀਦ ਦੀ ਤੇ ਫੇਰ ਦੇ,

ਤੇਰਾ ਹੋਵੇ ਹੁਕਮ ਤਾਂ ਹੁਣ ਬਾਤ ਨੂੰ ਚਲਾਈਏ ਜੀ,
ਜਿਯੋ ਹੋਰ ਨਾ ਪੜਨ ਵਾਲਿਆਂ ਦਾ ਤਰਸਾਈਏ ਜੀ,
ਵੇਲਾ ਨਹੀਓਂ ਰਿਹਾ ਹੁਣ ਸਬਰ ਤੇ ਸਹਿਜ ਦਾ,
ਗੱਲ ਵਿਚਲੀ ਨਾ ਹੋਵੇ ਤਾਂ ਨਹੀੰ ਕੋਈ ਠਹਿਰ ਦਾ!

                      (2)
ਇਹ ਬਾਤ ਸਤਲੁਜ ਦੇ ਪਾਸ ਵਾਲੇ ਪੰਜਾਬ ਦੀ ਆ,
ਜਿੱਥੇ ਰਾਖੀ ਸਰਹਦ ਦੀ ਫੌਜ ਰਾਤ ਜਾਗਦੀ ਆ,
ਉੱਥੇ ਦਾ ਹੀ ਕੁੱਜ ਮਿੱਥ ਕੇ ਬਾਤ ਸਾਰੀ ਬਣਾਈ ਹੈ,
ਸਭ ਕੱਮ ਕਿੱਸੇ ਦਾ ਰਤਾ ਨਾ ਇਸ ਚ ਸਚਾਈ ਹੈ,

ਮੰਡੀ ਤਲਵੰਡੀ ਅੱਜ ਫੇਰ ਦਿਨ ਨਵਾਂ ਚੜ੍ਹਿਆ ਏ,
ਵੈਸਾਖ ਹੋਵੇ ਸ਼ੁਰੂ ਹੁਕਮ ਵਕ਼ਤ ਇਹ ਪੜ੍ਹਿਆ ਏ,
ਬਾਣੀਏ ਉੱਠ ਹੱਟੀਆਂ ਲਈ ਪਏ ਨੇ ਜਾਂਦੇ,
ਦੋਧੀ ਕਰ ਪੂਰ ਆਪਨੀ ਪਿੰਡੋ ਪਿੰਡੀ ਪਏ ਧਿਆਂਦੇ,

ਸੋਹਣੇ ਪਾ ਵਰਦੀ ਜਾਂਵਦੇ ਮੁੰਡੇ ਕੁੜੀਆਂ ਸਕੂਲ ਨੇ,
ਨਵੇਂ ਜ਼ਮਾਨੇ ਦੇ ਪੜਦੇ ਨਵੇਂ ਉੱਥੇ ਜਾ ਮਜਮੂਨ ਨੇ,
ਉੱਥੇ ਪੜਦੇ ਨੇ ਕਿੱਸੇ ਦੇ ਦੋਂਵੇਂ ਸ਼ਾਲਾ ਕਿਰਦਾਰ ਵੀ,
ਗੱਲ ਕਰਨੀ ਹੈ ਸਾਰੀ ਜਿੰਨਾਂ ਦੇ ਮੈਂ ਵਿਚਕਾਰ ਦੀ!

                      (3)
ਦੋਂਵੇਂ ਹੋ ਗਏ ਨੇ ਪੂਰੇ ਅੱਠ ਵਰ੍ਹਿਆਂ ਦੇ ਹੁਣ ਹਾਣੀ,
ਕੱਠੇ ਤਰ ਆਏ ਨੇ ਸਮੁੰਦਰੇ ਦੂਰ ਕਈ ਏ ਪਾਣੀ,
ਪਰ ਹਾਲੇ ਤੀਕ ਐਡੀ ਕੋਈ ਹੋਈ ਬਹਿ ਬਾਤ ਨਾ,
ਹਾਲੇ ਮੀਲਾਂ ਫ਼ੈਸਲਾ ਹੈ ਖਿਆਲ ਦਾ ਜਜ਼ਬਾਤ ਦਾ,

ਗੱਲਾਂ ਅਣਜਾਣ ਦਿਆਂ ਜਮਾਤ ਵਿੱਚ ਤੁਰੀਆਂ ਨੇ,
ਤੀਜਾ ਪਾਇਆ ਪਾਏਦਾਨ ਪਿੱਛੇ ਛੱਡ ਕੁੜੀਆਂ ਨੇ,
ਫਿਕਰ ਬਹਾਰ ਦੇ ਕਾਲਜੇ ਪਈ ਨਵੀਂ ਉਠਦੀ ਏ,
ਮੁਕਾਬਲੇ ਨੂੰ ਧਿਰ ਨਵੀਂ ਹੋਰ ਇੱਕ ਫੁੱਟ ਪਈ ਏ,

ਨਜ਼ਰ ਮਾਰ ਕੇ ਬਹਾਰ ਨਾਲ ਗੌ ਦੇ ਦੇਖਦੀ ਏ,
ਉੱਠ ਆਈ ਏ ਧਿਰ ਜਿਹੜੀ ਉਹ ਸ਼ਹਿ ਕਿ ਏ,
ਇੱਕ ਦਰਦਾਂ ਮਾਰਿਆ ਚੁੱਪ ਚੁਪੀਤਾ ਬਾਲੜਾ,
ਦੇਖ ਪਈ ਸੋਚੇ ਐਂਵੇਂ ਸੱਪ ਫਿਕਰ ਦਾ ਲਿਆ ਲੜਾ,

ਇਹਦੇ ਮੇਲ ਹੀ ਨਹੀਂਓਂ ਕੋਈ ਸਾਡੇ ਹੈ ਸੀ ਨਾਲ,
ਐਵੇਂ ਹੈ ਤੁੱਕਾ ਉੱਠਿਆ ਨਾ ਪਹਿਲਾ ਕਦੇ ਐਨੇ ਸਾਲ,
ਮੁੜ ਆਇਆ ਕਦੇ ਅਗਾਂਹ ਇਹਨੂੰ ਵੇਖ ਲਾਂ ਗੇ,
ਹਲੇ ਛੱਡ ਦਿਲਾ ਇਹਨੂੰ ਮੌਜ ਬਹਾਰਾਂ ਲੈਣ ਦੇ!

                     (4)
ਅਣਜਾਣ ਦੇਖਿਆ ਅੱਖਾਂ ਦੀਆਂ ਬਾਰੀਆਂ ਥੀਂ,
ਸੋਹਣੀ ਸਭ ਤੋਂ ਬੈਠੀਆ ਭਾਵੇਂ ਹੋਰ ਵੀ ਪਿਆਰੀਆਂ ਸੀ,
ਦੇਖ ਖਿਆਲ ਜੀ ਵਿੱਚ ਆਇਆ ਪਿਹਲਾ ਇਹ ਹੀ,
ਹੋਣਾ ਜੱਗ ਤੇ ਇਹਨਾਂ ਦਾ ਬਾਕੀ ਕਿਸੇ ਦਾ ਹੋਣਾ ਕੀ,

ਚੰਗੇ ਤਕੜੇ ਅਮੀਰ ਖ਼ਾਨਦਾਨ ਦੀ ਇਹ ਧੀ ਹੈ,
ਸਭ ਨੇਮਤਾ ਰੱਬ ਦੀਆਂ ਦਿੱਤਾ ਭਲਾਂ ਕੀ ਨੀ ਹੈ,
ਹੁਸਨ ਦੀ ਦੌਲਤ ਦਾ ਉੱਤੇ ਮੀਂਹ ਇਹਦੇ ਵਰਦਾ,
ਹੁਨਰ ਮੈਦਾਨ ਵੀ ਨਾ ਕੋਈ ਇਹਦਾ ਸਾਹਨੀ ਲੱਬਦਾ,

ਸਾਨੂੰ ਲਿਆਂਦਾ ਏ ਨਜ਼ਰਾਂ ਚ ਬਣਾ ਕੇ ਰਕੀਬ ਰੱਬਾ,
ਕੀਤਾ ਨਹੀਓਂ ਕੰਮ ਤੂੰ ਇਹ ਸਾਡੇ ਵਾਸਤੇ ਠੀਕ ਰੱਬਾ,
ਅੱਗੇ ਮਸਲੇ ਨਿੱਤ ਦੀਆਂ ਜਿੰਦ ਪਈ ਮਧੋਲੀ ਆ,
ਨਵੀਂ ਵੈਰ ਦੀ ਗਹਿਰ ਦਿਲ ਬਹਾਰ ਉੱਤੋ ਆ ਬੋਲੀ ਆ,

ਪਰ ਮਾਮਲਿਆਂ ਨਾਲ ਨਾਤਾ ਅਸਾਂ ਦਿਨ ਜਨਮ ਦੇ ਹੈ,
ਹੁਣ ਡਰੀਏ ਕਿਉਂ ਇੱਕ ਹੋਰ ਜੇ ਜੋਰ ਹੁਣ ਫੜਨ ਤੇ ਹੈ,
ਹੋਵੇ ਨਫਰਤਾਂ ਮੁਸੀਬਤਾਂ ਦਾ ਮੋਡੇ ਤੇ ਪਹਾੜ ਜੀਹਦੇ,
ਇੱਕ ਹੋਰ ਦਾ ਪਰ ਓਹਨੂੰ ਫਿਰ ਭਾਰ ਵੀ ਕੀ ਏ!

                        (5)
ਅੱਗੇ ਤੁਰ ਪਈ ਏ ਵਕ਼ਤ ਨਾਲ ਨੌਂਵੀ ਜਮਾਤ ਆਹਾ,
ਕੀ ਕੀ ਹੁੰਦੀ ਹੁਣ ਅੱਗੇ ਦੇਖਦੇ ਆਂ ਕਰਾਮਾਤ ਆਹਾ,
ਖਿਆਲ ਅਣਜਾਣ ਦੀਆਂ ਨਵੀਆਂ ਹੀ ਉਡਾਰੀਆਂ ਨੇ,
ਨਾਲ ਤਦਬੀਰ ਕਰੇ ਹੱਲ ਹੁਣ ਮੁਸ਼ਕਲਾਂ ਸਾਰੀਆਂ ਦੇ,

ਸਾਰੇ ਮਾਸਟਰ ਉਹਨੂੰ ਚੰਗਾ ਮਾਣ ਸਨਮਾਨ ਦਿੰਦੇ,
ਗੱਲ ਜਿਹੜੀ ਪੁੱਛੇ ਪੂਰਾ ਓਹਦੇ ਵੱਲ ਧਿਆਨ ਦਿੰਦੇ,
ਜੀ ਬੜਾ ਖੁਸ਼ ਅਣਜਾਣ ਦਾ ਸ਼ਾਬਾਸ਼ੀ ਕੋਈ ਜਦ ਪਾਵੇ,
ਦਿਨੋ ਦਿਨ ਰੰਗ ਇਲਮ ਦੇ ਹੋਰ ਹੋਰ ਗੂੜਾ ਹੁੰਦਾ ਜਾਵੇ,

ਮੁੰਡੇ ਗੁੰਡੇ ਜਮਾਤ ਦੇ ਹੁਣ ਤੰਗ ਕਰਨੋ ਘਬਰਾਂਨ ਲੱਗੇ,
ਕਈ ਛੱਡ ਵੈਰ ਹੁਣ ਸਾਂਝਾ ਨਾਲ ਗਰੀਬ ਪਾਣ ਲੱਗੇ,
ਵੇਖ ਰੁੱਖ ਬਦਦੇ ਹਵਾਵਾਂ ਦੇ ਅਣਜਾਣ ਘਬਰਾਣ ਲੱਗਾ,
ਮਤਲਬ ਦੇ ਯਾਰਾਂ ਤੋਂ ਦੇ ਦੁਸ਼ਮਣ ਪੱਕਾ ਈਮਾਨ ਰੱਬਾ!