ਬੋਲੀ ਖੁਸ਼ਬੂ, ਬੋਲੀ ਮਹਿਕ ਹੈ,
ਬੋਲੀ ਮਿਸ਼ਰੀ, ਬੋਲੀ ਸ਼ਹਦ ਹੈ,
ਹਰ ਇੱਕ ਦੀ ਹੈ ਆਪਣੀ ਲੱਜਤ,
ਹਰ ਇੱਕ ਦੀ ਆਪਣੀ ਬਾਤ ਹੈ,
ਤੇ ਅੱਜ ਇਹ ਦਿਲ ਵਿੱਚ ਸਵਾਲ ਆਇਆ,
ਕਿਹੜੀ ਬੋਲੀ ਦਾ ਕੀ ਹੋਇਆ,
ਕਿਹੜੀ ਬੋਲੀ ਦਾ ਕੀ ਹੋਏਗਾ,
ਕਿਹੜੀ ਬੋਲੀ ਕਿਤਾਬਾਂ ਚ ਬੰਦ ਹੋ ਜਾਏਗੀ,
ਕਿਹੜੀ ਬੋਲੀ ਦਾ ਹਰ ਥਾਂ ਨਾ ਹੋਏਗਾ,
ਰੂਮੀ ਦੀਆਂ ਗਜ਼ਲਾਂ ਪੜਦਾ ਹਾਂ,
ਤਾਂ ਲਗਦਾ ਫ਼ਾਰਸੀ ਵਿੱਚ ਹੀ
ਬੱਸ ਸਭ ਗੱਲ ਬਾਤ ਹੈ,
ਇਹਨੇ ਮਿੱਠੇ ਤੇ ਦਿਲ ਲਬਰੇਜ਼ ਲਫਜ਼ ਨੇ,
ਰੌਸ਼ਨ ਹੋ ਉੱਠਦੇ ਦਿਨ ਰਾਤ ਹੈ,
ਭਗਵਦ ਗੀਤਾ ਜਿਹੀ ਕਿਤਾਬ ਨਾ ਕੋਈ,
ਸੰਸਕ੍ਰਿਤ ਵਿੱਚ ਜੋ ਵੇਦ ਵਿਆਸ ਸੰਜੋਈ,
ਜ਼ਿੰਦਗੀ ਦੀ ਹਰ ਰਮਜ਼ ਬੈਠੀ ਹੈ ਲੁਕੋਈ,
ਪਾਲੀ ਵਿੱਚ ਗੌਤਮ ਦੇ ਬੋਲਾਂ ਦਾ,
ਧੰਮਪਦ ਗਿਆ ਰਚਿਆ ਸੀ,
ਜੀਵਨ ਦੇ ਦੁੱਖਾਂ ਤੋਂ ਛੁੱਟਣ ਦੀ,
ਜਿਸ ਵਿੱਚ ਸਭ ਵਿਥਿਆ ਈ,
ਤੇ ਅਰਸਤੂ ਤੇ ਸੁਕਰਾਤ ਜਿਹਨਾਂ
ਨੇ ਗ੍ਰੀਕ ਵਿੱਚ ਸੱਭ ਕੁਝ ਲਿਖਿਆ ਸੀ,
ਜਿਹਨਾਂ ਦੇ ਵਿਚਾਰਾਂ ਤੋਂ ਸੇਧ ਲਈ,
ਦੁਨੀਆ ਅੱਜ ਤੱਕ ਅੱਗੇ ਵਧ ਰਹੀ,
ਏਨੇ ਮਹਾਨ ਕੰਮ,
ਤੇ ਏਨੇ ਉੱਚ ਵਿਚਾਰ,
ਪਰ ਫਿਰ ਵੀ ਬੋਲੀ ਇਹਨਾਂ ਦਾ,
ਕਿਉਂ ਖਤਮ ਹੋਇਆ ਪਰਚਾਰ ਪਰਸਾਰ,
ਸੋਚਿਆ, ਸਮਜਿਆ ਤੇ ਪੜ੍ਹਿਆ ਹੈ,
ਤਾਂ ਇਹ ਹੀ ਸਮਝ ਹੈ ਆਇਆ,
ਬੋਲੀ ਜਸ਼ਨ ਹੈ, ਬੋਲੀ ਤਿਓਹਾਰ ਹੈ,
ਭਾਵੇਂ ਹਰ ਬੋਲੀ ਨਾਲ ਮੈਨੂੰ ਪਿਆਰ ਹੈ,
ਪਰ ਸੱਚ ਤਾਂ ਇਹ ਵੀ ਹੈ ਯਾਰੋ,
ਬੋਲੀ ਵਣਜ ਹੈ, ਬੋਲੀ ਵਿਓਪਾਰ ਹੈ,
ਬੋਲੀ ਬੇੜੀ ਹੈ, ਬੋਲੀ ਹਥਿਆਰ ਹੈ,
ਜਿਸ ਨਾਲ ਸਭ ਨੇ ਜਿੰਦਗੀ ਦੀ ਜੰਗ ਹੈ ਲੜਨੀ,
ਜਿਸ ਨਾਲ ਸਭ ਨੇ ਜਾਣਾ ਪਾਰ ਹੈ,
ਤੇ ਬੋਲੀ ਆਖਿਰ ਓਹੀ ਵੱਧਦੀ-ਫੁੱਲਦੀ,
ਤੇ ਬੋਲੀ ਆਖਿਰ ਓਹੀ ਪਸਰਦੀ,
ਜਿਸ ਥੀਂ ਰਿਜ਼ਕ ਰਜ਼ਾਕ ਹੈ ਜੁੜਦਾ,
ਜਿਸ ਨਾਲ ਕਾਰੋਬਾਰ ਹੈ ਚਲਦਾ,
ਭਾਵੇਂ ਸਦਾ ਸਦਾ ਲਈ ਹੁੰਦੇ,
ਉੱਚ ਤੇ ਮਹਾਨ ਵਿਚਾਰ ਆ!