ਲਕਸ਼ਮੀ

ਬੰਦਾ ਓਹਦਾ, ਪੀਂਦਾ ਹੈ ਸ਼ਰਾਬ, ਤੇ ਸੱਟਾ ਹੈ ਖੇਡਦਾ, ਨਾ ਮਿਲੇ ਪੈਸਾ ਤੇ, ਖੱਲ ਹੈ ਉਦੇੜਦਾ, ਨਿੱਤ ਨਿੱਤ ਰਹਿੰਦਾ ਹੈ ਕਲੇਸ਼ ਓਹਦੇ ਘਰ, ਖੌਫ ਓਹਨੂੰ ਹੈ ਹਰ ਰਾਤ ਦਾ, ਤੇ ਫ਼ਿਕਰ ਹੈ ਹਰ ਸਵੇਰ ਦਾ! ਹਰ ਚਾਅ, ਹਰ ਰੀਝ ਢਹਿ ਜੀ ਗਈ ਆ, ਜ਼ਿੰਦਗੀ ਚ ਜ਼ਿੰਦਗੀ ਵਾਲੀ ਕੋਈ ਚੀਜ਼ ਰਹਿ ਨਹੀਂ ਗਈ ਆ, ਬੱਸ ਹੁਣ ਤਾਂ ਉਹ ਸਿਰਫ ਬੱਚਿਆਂ ਖਾਤਰ ਜੀ ਰਹੀ ਆ, ਨਹੀਂ ਤਾਂ ਉਹਨੇ ਕਈ ਵਾਰੀ ਸੋਚਿਆ ਹੈ, ਕੰਮ ਮੈਂ ਅੱਜ ਆਪਣਾ ਨਵੇੜ ਦਾਂ! ਉਂਝ ਰੂਹ ਤਾਂ ਓਹਦੀ ਕਦੋਂ ਦੀ ਮਰ ਗਈ ਆ, ਸੁਫ਼ਨਿਆਂ ਚ ਕਈ ਵਾਰ ਆਤਮਘਾਤ ਕਰ ਗਈ ਆ, ਹੁਣ ਤਾਂ ਬੱਸ ਉਹ ਜਿਸਮ ਹੀ ਖੋਰ ਰਹੀ ਹੈ, ਤੇ ਇਸੇ ਉਮੀਦ ਤੇ ਦਿਨ ਰਾਤ ਦੌੜ ਰਹੀ ਹੈ, ਕਦੇ ਤਾਂ ਅੰਤ ਹੋਵੇਗਾ ਇਸ ਹਨੇਰ ਦਾ, ਰੱਬ ਸੱਭ ਦੇ ਦਿਨ ਇੱਕ ਦਿਨ ਜ਼ਰੂਰ ਹੈ ਫੇਰਦਾ! ਤੇ ਇੱਕ ਕਿਤੇ ਓਹਦੇ, ਦਿਲ ਨੂੰ ਹੈ ਆਸ, ਪੱਕਾ ਜਿਸ ਚੀਜ਼ ਦਾ, ਉਸਨੂੰ ਵਿਸ਼ਵਾਸ਼, ਚੀਜ਼ ਜਿਹੜੀ ਦਿੰਦੀ ਹੈ ਹਰ ਵੇਲੇ ਓਹਦੇ ਮਨ ਨੂੰ ਧਰਾਸ, ਬੱਚੇ ਇੱਕ ਦਿਨ ਪੜ੍ਹ ਜਾਣਗੇ, ਆਪਣੇ ਪੈਰਾਂ ਤੇ ਖੜ ਜਾਣਗੇ, ਮਾਂ ਆਪਣੀ ਨੂੰ ਵੀ ਸਾਰੇ ਦੁੱਖਾਂ ਤੋਂ ਮੁਕਤ ਕਰ ਲੈਣਗੇ, ਸਫ਼ਰ ਭਾਵੇਂ ਇਹ ਹੈ ਹਾਲੇ ਜਿੰਨੀ ਵੀ ਦੇਰ ਦਾ! ਬੰਦਾ ਓਹਦਾ, ਪੀਂਦਾ ਹੈ ਸ਼ਰਾਬ, ਤੇ ਸੱਟਾ ਹੈ ਖੇਡਦਾ, ਨਾ ਮਿਲੇ ਪੈਸਾ ਤੇ, ਖੱਲ ਹੈ ਉਦੇੜਦਾ, ਨਿੱਤ ਨਿੱਤ ਰਹਿੰਦਾ ਹੈ ਕਲੇਸ਼ ਓਹਦੇ ਘਰ, ਖੌਫ ਓਹਨੂੰ ਹਰ ਰਾਤ ਦਾ, ਤੇ ਫ਼ਿਕਰ ਹੈ ਹਰ ਸਵੇਰ ਦਾ!