ਕਰੀਏ ਜੋ ਦਿਲ ਦੇ ਹੋਵੇ ਕਰੀਬ

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ,

ਇੱਕੋ ਇੱਕ ਬੱਸ ਹੈ ਇਹ ਤਮੰਨਾ,

ਕਰੀਏ ਜੋ ਦਿਲ ਦੇ ਹੋਵੇ ਕਰੀਬ,

ਜਦੋਂ ਆਈ ਕਿਸੇ ਰੋਕ ਨੀ ਪਾਉਣਾ,

ਬੈਠੇ ਰਹਿ ਜਾਣਗੇ ਹਬੀਬ ਤਬੀਬ,


ਕੀ ਲੈਣਾ ਐਵੇਂ ਪਰਾਏ ਸੁਫਨਿਆਂ 

ਲਈ ਜਿਸਮ ਨੂੰ ਖੋਰ ਖੋਰ ਕੇ,

ਕੀ ਕਮਾਉਣਾ ਹੋਇਆ ਇਹ

ਰੂਹ ਆਪਣੀ ਨੂੰ ਤੋੜ ਤੋੜ ਕੇ,

ਜੇ ਇਹ ਕਾਮਯਾਬੀ ਹੈ, ਤਾਂ 

ਫਿਰ ਕਿ ਹੁੰਦੇ ਨੇ ਬਦ ਨਸੀਬ?

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..


ਥੋੜਾ ਥੋੜਾ ਵਕ਼ਤ ਆਪਣੇ ਆਪ 

ਤੋਂ ਹੀ ਡਰ ਡਰ ਕੇ ਚੁਰਾਉਣਾ,

ਹਾਏ ਛੁੱਪ ਛੁੱਪ ਕੇ ਚੌਹਣਾ,

ਹਾਏ ਲੁਕ ਲੁਕ ਕੇ ਗਾਉਣਾ,

ਸਿੱਕੇ ਅਸੀਂ ਕਰਦੇ ਫਿਰਦੇ ਇੱਕਠੇ

ਵਕਤੋਂ ਅਸੀਂ ਹੁੰਦੇ ਜਾਂਦੇ ਗਰੀਬ,

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..

 

ਕੋਈ ਨਾ ਪੁੱਛੇ ਨਾ ਕੋਈ ਬੁੱਜੇ,

ਨਾ ਸੁਣੇ ਕਿਸੇ ਦੇ ਦਿਲ ਦੀ,

ਸਾਡੇ ਸ਼ਹਿਰ ਚ ਤਾਂ ਸਬ ਤੋਂ 

ਉੱਚੀ ਆਵਾਜ਼ ਹੈ ਮਿੱਲ ਦੀ, 

ਇਹ ਸ਼ੋਰ ਕਈ ਵਾਰੀ ਲੱਗਦਾ ਹੈ,

ਖ਼ਾਬਾਂ ਦੇ ਕਤਲ ਲਈ ਸਲੀਬ

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..  


ਜਿਸ ਤੇ ਖਿੜਣ ਫੁੱਲ ਉਮੀਦ ਦੇ,

ਸਾਨੂੰ ਐਸੀ ਪਨੀਰੀ ਚਾਹੀਦੀ,

ਲਿਬਾਸ ਮੈਲਾ ਰੂਹ ਨੂੰ ਹੋਵੇ ਸਕੂਨ, 

ਸਾਨੂੰ ਐਸੀ ਅਮੀਰੀ ਚਾਹੀਦੀ,

ਨਹੀਂ ਚਾਹੀਦੇ ਸਾਨੂੰ ਇਹ ਔਹਦੇ

ਨਹੀਂ ਹੁੰਦੀ ਸਾਥੋਂ ਵੇਚ ਖਰੀਦ,

ਨਾ ਅਸੀਂ ਦੌਲਤ ਦੇ ਮੁਰੀਦ,

ਨਾ ਅਸੀਂ ਸ਼ੌਹਰਤ ਦੇ ਮੁਰੀਦ..

ਕਦੇ ਤਾਂ ਵਗੇਗੀ ਹਵਾ ਆਪਣੇ ਵੀ ਔਰ ਦੀ

ਇੱਕ ਪੱਤਾ ਆਪਣੇ ਹੱਥ ਦਾ ਕਮਜ਼ੋਰ ਸੀ,

ਇੱਕ ਪੱਤਾ ਮੈਦਾਨ ਚ ਚਾਹੀਦਾ ਹੋਰ ਸੀ,

ਸ਼ਾਇਦ ਜ਼ਿੰਦਗੀ ਮਿਲ ਜਾਂਦੀ ਮਤਲਬ ਦੀ

ਲਾਉਣਾ ਚਾਹੀਦਾ ਜਵਾਨੀ ਚ ਹੋਰ ਜ਼ੋਰ ਸੀ,


ਦਿਲ ਨੇ ਤਾਂ ਰਾਹਵਾਂ ਦੱਸ ਦਿੱਤੀਆਂ ਸੀ,

ਅੰਦਰ ਪੜ੍ਹ ਕੇ ਹੀ ਸਲਾਹਵਾਂ ਕੀਤੀਆਂ ਸੀ,

ਮੈਂ ਹੀ ਇਹਦੀ ਵੇਲੇ ਸਰ ਗੱਲ ਸੁਣੀ ਨਾ,

ਜਿੱਧਰ ਮੁੜੇ ਸਭ ਲੈ ਲਿਆ ਓਹੀਓ ਮੋੜ ਸੀ,


ਤੇ ਹੁਣ ਤਦਬੀਰਾਂ ਭਾਵੇਂ ਲੱਖ ਕਰਦੇ ਆਂ,

ਤਕਦੀਰ ਦੇ ਹੱਥੋਂ ਹਰ ਵਾਰੀ ਹਰ ਦੇ ਆਂ,

ਦੋ ਤੰਬੂੰ ਉਮੀਦ ਦੇ ਜਦ ਕਦੀਂ ਗੱਡਦੇ ਆਂ,

ਝੱਖੜ ਕੋਈ ਜਾਂਦਾ ਦੋਨੋ ਦੇ ਦੋਨੋ ਤੋੜ ਨੀ,


ਚੱਲ ਕੋਈ ਨਾ ਅੱਧੀ ਜ਼ਿੰਦ ਹਲੇ ਵੀ ਪਈ ਹੈ,

ਕਿਸੇ ਫਿਲਮ ਦਾ ਦੂਜਾ ਹਿੱਸਾ ਹੁੰਦਾ ਸਹੀ ਹੈ,

ਚੱਲ ਉਡਾਈ ਜਾਈਏ ਪੂਰੇ ਜ਼ੋਰ ਨਾਲ ਗੁੱਡੀ,

ਕਦੇ ਤਾਂ ਵਗੇਗੀ ਹਵਾ ਆਪਣੇ ਵੀ ਔਰ ਦੀ!

ਔਖੇ ਸੌਖੇ ਨਿਭਾਈ ਜਾਣੇ ਆਂ

ਤੇਰੀ ਹਾਂ ਚ ਹਾਂ ਮਿਲਾਈ ਜਾਣੇ ਆਂ,

ਪਤਾ ਦੋਨਾਂ ਨੂੰ ਨੀ ਕਿੱਧਰ ਨੂੰ ਜਾਈ ਜਾਣੇ ਆਂ,


ਰੋਜ ਕਹਿਣੇ ਖ਼ਾਨਾ-ਏ-ਖਰਾਬ ਛੱਡ ਦੇਣਾ ਆ,

ਖੌਰੇ ਕਿਹੜੀ ਉਮੀਦ ਤੇ ਆਈ ਜਾਣੇ ਜਾਈ ਜਾਣੇ ਆਂ,


ਤੇਰੀ ਆਪਣੀ ਕੋਈ ਹੋਣੀ ਆ ਮਜਬੂਰੀ,

ਅਸੀਂ ਆਪਣੀ ਗਲਤੀ ਤੇ ਪਛਤਾਈ ਜਾਣੇ ਆਂ,


ਜੀ ਤੇਰਾ ਵੀ ਨੀ ਲਗਦਾ ਦਿਲ ਮੇਰਾ ਵੀ ਨੀ ਕਰਦਾ,

ਆਪਸ ਚ ਸੁਖ ਦੁੱਖ ਕਰਕੇ ਦਿਨ ਨੰਗਾਈ ਜਾਣੇ ਆਂ,


ਉੱਠਦੇ ਸਾਰ ਜਾਨ ਨੂੰ ਸਿਆਪਾ ਜਾ ਲਗਦਾ ਏ,

ਸੌਣ ਵੇਲੇ ਤੱਕ ਹੰਜੂ ਵਹਾਈ ਜਾਨੇ ਵਹਾਈ ਜਾਨੇ ਆਂ,


ਚਲ ਛੱਡ ਕੀ ਲੈਣਾ ਹੋਰ ਇਹੋ ਗੱਲ੍ਹਾਂ ਕਰਕੇ,

ਜਿੰਨੀ ਚਿੱਕਰ ਨਿਭਦੀ ਔਖੇ ਸੌਖੇ ਨਿਭਾਈ ਜਾਣੇ ਆਂ!