ਏ ਮੇਰੀ ਸਰਜ਼ਮੀਨ ਤੇਰਾ ਇਹ ਹਾਲ ਕੀ ਹੋਇਆ,
ਕਿੰਨੇ ਵਰੇ ਬੀਤੇ ਨੇ ਕਿਓਂ ਕੋਈ ਕਮਾਲ ਨੀ ਹੋਇਆ?
ਲੰਘ ਗਏ ਤੇਰੇ ਤੋਂ ਅੱਗੇ ਨੇ ਹੁਣ ਹੋਰ ਸਭ ਸੂਬੇ,
ਓ ਠਕਰਾਨੀਏ ਦੱਸ ਤੇਰਾ ਕਿੱਥੇ ਜਮਾਲ ਹੈ ਖੋਇਆ?
ਤੇਰਾ ਖੇਤਾਂ ਨੇ ਲਹਿਰਾ ਲਿਆ ਦੇ ਦਿੱਤਾ ਨਾਂ ਤੈਨੂੰ,
ਪਰ ਕਿਉਂ ਅੱਗੇ ਕੋਈ ਦੀਵਾ ਬਾਲ ਨੀ ਹੋਇਆ?
ਕਿਓਂ ਬੀਤੇ ਵਕਤ ਵੱਲ ਹੀ ਹਮੇਸ਼ਾ ਵੇਖੀ ਜਾਣੇ ਆ?
ਕਿਓਂ ਕੋਈ ਸੁਪਨਾ ਨਵਾਂ ਤੈਥੋਂ ਪਾਲ ਨੀ ਹੋਇਆ?
ਤੇਰੇ ਆਪਣੇ ਤੈਥੋਂ ਦੂਰ ਜਾ ਕੇ ਨਾਮ ਬਣਾ ਰਹੇ ਨੇ,
ਕਿਓਂ ਆਪਣੇ ਧੀਆਂ ਪੁੱਤਰਾਂ ਨੂੰ ਸੰਭਾਲ ਨੀ ਹੋਇਆ?
ਇਹ ਧਰਤੀ ਹਰਗੋਬਿੰਦ, ਕਲਪਨਾ, ਕਪਾਨੀ ਦੀ ਹੈ,
ਨਵੇਂ ਯੁੱਗ ਵਿੱਚ ਕਿਓਂ ਨਵਾਂ ਐਲਾਨ ਨੀ ਹੋਇਆ?
ਓ ਪੁੱਤਰੋ ਮੇਰਿਓ ਆਪਣੇ ਘਰ ਦੀ ਨੁਹਾਰ ਬਦਲੋ ਵੇ,
ਕਿਓਂ ਤੇਰੇ ਕੋਲੋਂ ਕਦੇ ਇਹ ਸਵਾਲ ਨੀ ਹੋਇਆ?
ਕਰਜ਼ੇ ਹੇਠ ਹੈਂ ਹਰ ਮਕਾਨ, ਦੁਕਾਨ ਤੇ ਜ਼ਮੀਨ,
ਕਿਓਂ ਤੈਨੂੰ ਕਦੇ ਕਮਾਈ ਦਾ ਖਿਆਲ ਨੀ ਹੋਇਆ,
ਮਾਯੂਸ ਹੋ ਰਹੀਆਂ, ਉਮੀਦ ਖੋ ਰਹੀਆਂ ਜਵਾਨੀਆਂ,
ਕਿਓਂ ਤੇਰੇ ਕੋਲੋਂ ਇਹ ਮੌਸਮ ਟਾਲ ਨੀ ਹੋਇਆ?
ਚਲ ਉੱਠ ਹੁਣ ਤਾਂ ਓਹ ਜੰਮਣ ਵਾਲੀਏ ਮੇਰੀਏ ਮਾਏ,
ਦੇਖ ਰੋ ਰੋ ਕੇ ਤੇਰਾ ਇੱਕ ਪੁੱਤਰ ਲਾਲ ਹੈ ਹੋਇਆ!