ਦੂਰ ਦੂਰ ਟਿੱਬਿਆਂ ਤੇ ਰੇਤ ਉੱਡਦੀ

ਦੂਰ ਦੂਰ ਟਿੱਬਿਆਂ ਤੇ ਰੇਤ ਉੱਡਦੀ,
ਮੇਰੇ ਨਾਲ ਗੱਲਾਂ ਕਰਦੀ,
ਮੈਨੂੰ ਸਵਾਲ ਪੁੱਛਦੀ,

ਦੱਸ ਖਾਂ,
ਕਿੱਥੋਂ ਆਏ? ਕਿੱਥੇ ਜਾਣਾ?


ਜੇ ਕਦੇ ਵਾਵਰੋਲਿਆਂ ਚ
ਫੱਸ ਜਾਂਦੀ, ਘੁੰਮਦੀ ਪੁੱਛਦੀ,
ਦੱਸ ਕਿਓਂ ਘੁੱਮਦੇ?
ਦੱਸ ਕੌਣ ਘੁਮਾਉਂਦਾ?

ਦੱਸ ਕਿਓਂ ਸੜੀਏ ਧੁੱਪ ਚ,
ਦੱਸ ਕਿਓਂ ਰਹੀਏ,
ਤਿਹਾਏ ਦੁੱਖ ਚ?

ਦੱਸ ਕਿਓਂ ਇੱਕ ਵੀ,
ਰੁੱਖ ਨਾ ਦਾ ਪੁੱਤ,
ਜੰਮ ਸਕੀਏ ਨਾ ਕੁੱਖ ਚ?

ਦੱਸ ਦੋਸ਼ ਸਾਡਾ ਹੈ ਕੀ,
ਦੱਸ ਕਿਓਂ ਸਾਡੇ ਤੇ,
ਝੁੰਡ ਗਿਰਦਾਂ ਦੇ ਮੰਡਰਾਉਣ?
ਦੱਸ ਕਿਓਂ ਸਾਡੇ ਵੇਹੜੇ,
ਪੰਛੀ ਗੀਤ ਨਾ ਗਾਉਣ?

ਤੇ ਮੈਂ ਆਖਿਆ,
ਕੀ ਤੈਨੂੰ ਜਵਾਬ ਮੈਂ ਦਵਾਂ,
ਬੱਸ ਮੰਨ ਓਹਦਾ ਭਾਣਾ,
ਇਹੀ ਮੈਂ ਕਹਾਂ,

ਮਨ ਨੂੰ ਜੋਗੀ ਕਰ ਲੈ,
ਜੇਠ ਦੀ ਲੂ ਵੀ ਲਗਦੀ ਫਿਰ,
ਪੂਰੇ ਦੀ ਵਾ,

ਪੁੱਤਾਂ ਵਾਲੀਆਂ ਦੇ ਪੁੱਤ,
ਉੱਠ ਜਾਂਦੇ ਨੇ ਜਦੋਂ ਪਰਦੇਸ,
ਉਹ ਦੁੱਖ ਦਾ ਤੈਨੂੰ
ਦਰਦ ਤਾਂ ਨਾ,
ਪਾਲਿਆ, ਪਲੋਸਿਆ,
ਛਾਤੀ ਦਾ ਲਹੂ ਪਿਆਯਾ,
ਮੁੜਕੇ ਬੁਜਦੇ ਦੀਦਿਆਂ ਨੂੰ,
ਆਵੇ ਨਜ਼ਰੀਂ ਨਾ,

ਤੇ ਭਾਗਾਂ ਵਾਲੀ ਏ,
ਜਿਹੜਾ ਤੇਰਾ ਬਿਨ,
ਪਾਣੀਆਂ ਵੀ ਸਰਦਾ,
ਇਹ ਤੋੜ ਹੀ ਤਾਂ,
ਰੱਬ ਨਾਲੋਂ ਤੋੜਦੀ ਆ,

ਇਹ ਤੇਰੀ ਬਖਸ਼ਿਸ਼ ਹੈ,
ਜਿਸ ਨੂੰ ਤੂੰ ਕਿਆਮਤ
ਸਮਝ ਰਹੀ ਹੈਂ,
ਵਿਰਾਣੇ ਭਾਲਦੇ ਨੇ ਲੋਕ
ਦੁਨੀਆਂ ਦੇ ਜੋਗ ਪਾਉਣ ਵਾਸਤੇ,
ਸੱਚ ਮੰਨ ਗੱਲ ਜੋਗੀ ਦੀ,
ਤੇਰੇ ਨਾਲ ਦੀ ਸੁੱਖਲੀ,
ਕੀਤੇ ਹੋਰ ਕੋਈ ਨਹੀਂ ਆ!

No comments:

Post a Comment